ਟੋਰਾਂਟੋ, 23 ਮਾਰਚ
ਕੋਰੋਨਾ ਵਾਇਰਸ ਦੇ ਚੱਲਦਿਆਂ ਕੈਨੇਡਾ ਦੀਆਂ ਕਈ ਕੰਪਨੀਆਂ ਨੇ ਬੂਹੇ ਬੰਦ ਕਰ ਕੇ ਆਪਣੇ ਕਾਮਿਆਂ ਨੂੰ ਆਰਜ਼ੀ ਤੌਰ ‘ਤੇ ਘਰ ਭੇਜਣ ਦੇ ਨੋਟਿਸ ਦੇਣ ਕਾਰਣ ਪਿਛਲੇ ਚਾਰ ਦਿਨਾਂ ਵਿਚ ਕੋਈ ਪੰਜ ਲੱਖ ਲੋਕਾਂ ਨੇ ਬੇਰੁਜ਼ਗਾਰੀ ਭੱਤੇ ਲਈ ਅਰਜ਼ੀਆਂ ਦਾਖਲ ਕਰ ਦਿੱਤੀਆਂ ਹਨ। ਰੁਜ਼ਗਾਰ ਵਿਭਾਗ ਨੂੰ ਏਨੀਆਂ ਅਰਜ਼ੀਆਂ ਮਿਲਣੀਆਂ ਇੱਕ ਰਿਕਾਰਡ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਅਜਿਹੇ ਹਾਲਾਤ ਵਿੱਚ ਬਹੁਤ ਸਾਰੀਆਂ ਕੰਪਨੀਆਂ ਮੰਦੀ ਦੇ ਦੌਰ ‘ਚ ਚੱਲ ਰਹੀਆਂ ਹਨ ਅਤੇ ਉਨ੍ਹਾਂ ਕੋਲ ਆਪਣੇ ਕਾਮਿਆਂ ਨੂੰ ਘਰ ਭੇਜਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਅਤੇ ਸਰਕਾਰ ਲੋਕਾਂ ਦੀ ਮਦਦ ਲਈ ਹਰ ਸੰਭਵ ਜਤਨ ਕਰ ਰਹੀ ਹੈ। ਬੀਤੇ ਦਿਨੀਂ ਲੋਕਾਂ ਦੀ ਮਦਦ ਲਈ ਕੇਂਦਰ ਸਰਕਾਰ ਨੇ 82 ਅਰਬ ਡਾਲਰ ਦੇ ਪੈਕੇਜ ਦਾ ਐਲਾਨ ਕੀਤਾ ਹੈ। ਅਰਥ ਸ਼ਾਸਤਰੀਆਂ ਮੁਤਾਬਕ ਮੁਲਕ ਦੇ ਲੋਕ ਵੱਡੀ ਪੱਧਰ ਉੱਤੇ ਬੇਰੁਜ਼ਗਾਰ ਹੋ ਰਹੇ ਹਨ ਅਤੇ ਅਜਿਹਾ 1932 ਦੀ ਮੰਦੀ ਦੌਰਾਨ ਹੋਇਆ ਸੀ। ਏਅਰ ਕੈਨੇਡਾ 5100 ਮੁਲਾਜ਼ਮਾਂ ਨੂੰ ਲੇਅ-ਆਫ ਕਰ ਰਹੀ ਹੈ ਇਸੇ ਤਰ੍ਹਾਂ ਉੱਤਰੀ ਅਮਰੀਕਾ ਦੀਆਂ ਫੋਰਡ, ਜਨਰਲ ਮੋਟਰਜ਼ ਅਤੇ ਕ੍ਰਾਈਸਲਰ ਕਾਰ ਕੰਪਨੀਆਂ ਨੇ ਆਪਣੇ ਕੰਮ ਬੰਦ ਕੀਤੇ ਹਨ ਜਿਸ ਨਾਲ ਹਜ਼ਾਰਾਂ ਮੁਲਾਜ਼ਮ ਬੇਰੁਜ਼ਗਾਰੀ ਭੱਤੇ ਤੇ ਨਿਰਭਰ ਹੋਣਗੇ। ਇਸ ਨਾਲ ਹੋਰ ਅਨੇਕਾਂ ਪਾਰਟ ਸਪਲਾਈ ਕੰਪਨੀਆਂ ਅਤੇ ਢੋਅ-ਢੁਆਈ ਵਾਲੇ ਕਾਮੇ ਵੀ ਪ੍ਰਭਾਵਿਤ ਹੋਣਗੇ। ਬਹੁਤ ਸਾਰੇ ਵੱਡੇ ਰੈਸਟੋਰੈਂਟਾਂ ਅਤੇ ਸਟੋਰਾਂ ਨੇ ਆਪਣੇ ਕਾਰੋਬਾਰ ਵਿਚ ਘਾਟਾ ਵੇਖਦਿਆਂ ਆਪਣੇ ਮੁਲਾਜ਼ਮਾਂ ‘ਚ ਕਟੌਤੀ ਕੀਤੀ ਹੈ, ਜਿਨ੍ਹਾਂ ਨੂੰ ਹਾਲਾਤ ਠੀਕ ਹੋਣ ਤੱਕ ਬੇਰੁਜ਼ਗਾਰੀ ਭੱਤੇ ਨਾਲ ਗੁਜ਼ਾਰਾ ਕਰਨਾ ਪਵੇਗਾ।