ਧਰਮਸ਼ਾਲਾ, 20 ਅਗਸਤ
ਕਾਂਗੜਾ ਜ਼ਿਲ੍ਹੇ ‘ਚ ਪੰਜਾਬ ਅਤੇ ਹਿਮਾਚਲ ਦੀ ਸਰਹੱਦ ‘ਤੇ ਚੱਕੀ ਨਦੀ ‘ਤੇ ਬਣਿਆ 800 ਮੀਟਰ ਲੰਬਾ ਰੇਲਵੇ ਪੁਲ ਅੱਜ ਸਵੇਰੇ ਢਹਿ ਗਿਆ। ਸੂਤਰਾਂ ਨੇ ਦੱਸਿਆ ਕਿ ਚੱਕੀ ‘ਚ ਆਏ ਹੜ੍ਹ ’ਚ ਪੁਲ ਦੇ ਕਮਜ਼ੋਰ ਪਿੱਲਰ ਵਹਿ ਗਏ। ਇਸ ਨਾਲ ਪਠਾਨਕੋਟ ਅਤੇ ਜੋਗਿੰਦਰਨਗਰ ਵਿਚਕਾਰ ਨੈਰੋ-ਗੇਜ ਰੇਲ ਸੇਵਾ ਉਦੋਂ ਤੱਕ ਮੁਅੱਤਲ ਰਹੇਗੀ ਜਦੋਂ ਤੱਕ ਪੁਲ ਦਾ ਨਵਾਂ ਪਿੱਲਰ ਨਹੀਂ ਬਣ ਜਾਂਦਾ। 1928 ਵਿਚ ਅੰਗਰੇਜ਼ਾਂ ਵੱਲੋਂ ਬਣਾਈ ਅਤੇ ਚਾਲੂ ਕੀਤੀ ਗਈ ਇਸ ਰੇਲ ਲਾਈਨ ‘ਤੇ ਪਠਾਨਕੋਟ ਅਤੇ ਜੋਗਿੰਦਰਨਗਰ ਵਿਚਕਾਰ ਰੋਜ਼ਾਨਾ ਸੱਤ ਰੇਲ ਗੱਡੀਆਂ ਚਲਦੀਆਂ ਸਨ। ਰੇਲ ਲਾਈਨ ਪੌਂਗ ਡੈਮ ਵਾਈਲਡਲਾਈਫ ਸੈਂਚੂਰੀ ਵਿੱਚ ਸਥਿਤ ਸੈਂਕੜੇ ਪਿੰਡਾਂ ਲਈ ਜੀਵਨ ਰੇਖਾ ਹੈ, ਜਿਥੇ ਕੋਈ ਸੜਕਾਂ ਜਾਂ ਬੱਸ ਸੇਵਾ ਨਹੀਂ ਹੈ। ਇਨ੍ਹਾਂ ਪਿੰਡਾਂ ਦੇ ਲੋਕ ਕਾਂਗੜਾ ਦੇ ਜ਼ਿਲ੍ਹਾ ਹੈੱਡਕੁਆਰਟਰ ਨਾਲ ਜੁੜਨ ਲਈ ਰੇਲ ਸੇਵਾ ਦੀ ਵਰਤੋਂ ਕਰਦੇ ਹਨ।