ਨਵੀਂ ਦਿੱਲੀ, 7 ਦਸੰਬਰ
ਕਿਸਾਨ ਫੈਡਰੇਸ਼ਨ ਵੱਲੋਂ 3 ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ 8 ਦਸੰਬਰ ਨੂੰ ਕੀਤੇ ‘ਭਾਰਤ ਬੰਦ’ ਤੋਂ ਪਹਿਲਾਂ ਹਰਿਆਣਾ ਅਤੇ ਪੰਜਾਬ ਦੇ ਕਾਂਗਰਸ ਸੰਸਦ ਮੈਂਬਰਾਂ ਨੇ ਸੋਮਵਾਰ ਨੂੰ ਕੇਂਦਰ ਸਰਕਾਰ ਖਿਲਾਫ਼ ਜੰਤਰ ਮੰਤਰ ’ਤੇ ਧਰਨਾ ਦਿੱਤਾ। ਉਨ੍ਹਾਂ ਇਸ ਮੁੱਦੇ ’ਤੇ ਵਿਚਾਰ ਵਟਾਂਦਰੇ ਲਈ ਸੰਸਦ ਦਾ ਸੈਸ਼ਨ ਸੱਦਣ ਦੀ ਮੰਗ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਭਰੋਸੇਯੋਗਤਾ ਗੁਆ ਚੁੱਕੀ ਹੈ। ਪੰਜਾਬ ਅਤੇ ਹਰਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ, ਪਰਨੀਤ ਕੌਰ, ਗੁਰਜੀਤ ਔਜਲਾ, ਅਮਰ ਸਿੰਘ, ਮਨੀਸ਼ ਤਿਵਾੜੀ, ਮਹੁੰਮਦ ਸਦੀਕ ਅਤੇ ਦੀਪੇਂਦਰ ਹੁੱਡਾ ਜੰਤਰ-ਮੰਤਰ ’ਤੇ ਧਰਨੇ ’ਤੇ ਬੈਠੇ। ਇਸੇ ਦੌਰਾਨ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਬੰਦ ਦੌਰਾਨ ਲੋਕਾਂ ਨੂੰ ਹੋਣ ਵਾਲੀ ਸਮੱਸਿਆ ਲਈ ਕੇਂਦਰ ਜ਼ਿੰਮੇਵਾਰ ਹੋਵੇਗਾ, ਜਿਸ ਨੇ ਕਾਨੂੰਨ ਪਾਸ ਕਰਨ ਤੋਂ ਪਹਿਲਾਂ ਕਿਸਾਨਾਂ ਨਾਲ ਵਿਚਾਰ ਵਟਾਂਦਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਠੇਕੇਦਾਰਾਂ ਰਾਹੀਂ ਨਹੀਂ ਚਲਾਇਆ ਜਾ ਸਕਦਾ।