ਲੁਧਿਆਣਾ, 2 ਅਗਸਤ

ਪੰਜਾਬ ਦੇ ਲੋਕਾਂ ਦੀ ਹਾਈਵੇਅ ’ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹੁਣ ਨਵੀਂ ਪੁਲੀਸ ‘ਸੜਕ ਸੁਰੱਖਿਆ ਫੋਰਸ’ ਤਾਇਨਾਤ ਕੀਤੀ ਗਈ ਹੈ। ਪੰਜਾਬ ਸਰਕਾਰ ਨੇ ਪੁਲੀਸ ਨੂੰ ਇਸ ਲਈ ਆਧੁਨਿਕ ਸਹੂਲਤਾਂ ਨਾਲ ਲੈਸ 144 ਗੱਡੀਆਂ ਪੰਜਾਬ ਪੁਲੀਸ ਨੂੰ ਸੌਂਪ ਦਿੱਤੀਆਂ ਹਨ।

ਸੜਕ ਸੁਰੱਖਿਆ ਫੋੋਰਸ ਤਾਇਨਾਤ ਕਰਦਿਆਂ ਅੱਜ ਲੁਧਿਆਣਾ ’ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੂਰੇ ਦੇਸ਼ ’ਚੋਂ ਪੰਜਾਬ ਅਜਿਹਾ ਪਹਿਲਾ ਸੂਬਾ ਹੈ, ਜਿੱਥੇ ਅਜਿਹੀ ਫੋਰਸ ਬਣਾਈ ਗਈ ਹੈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਡੀਜੀਪੀ ਗੌਰਵ ਯਾਦਵ ਨੇ 144 ਵਾਹਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਸਾਰੇ ਪ੍ਰਾਜੈਕਟ ਦੀ ਦੇਖ ਰੇਖ ਏਡੀਜੀਪੀ ਏ.ਐੱਸ ਰਾਏ ਕਰਨਗੇ। ਇਨ੍ਹਾਂ 144 ਗੱਡੀਆਂ ’ਤੇ ਤਾਇਨਾਤ ਪੁਲੀਸ ਮੁਲਾਜ਼ਮ ‘ਸੜਕ ਸੁਰੱਖਿਆ ਫੋਰਸ’ ਵਜੋਂ ਜਾਣੇ ਜਾਣਗੇ ਤੇ ਪੂਰੇ ਪੰਜਾਬ ’ਚ ਹਾਈਵੇਅ ’ਤੇ ਪੈਟਰੋਲਿੰਗ ਰਹੇਗੀ। ਇਸ ਫੋਰਸ ਦੇ ਕੋਲ ਐਬੂਲੈਂਸ ਤੋਂ ਇਲਾਵਾ ਰਿਕਵਰੀ ਵੈਨ ਵੀ ਹੋਵੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਪੁਲੀਸ ਕੋਲ ਪਹਿਲਾਂ ਹੀ ਰੋਜ਼ਾਨਾ ਕਾਫ਼ੀ ਜ਼ਿਆਦਾ ਕੰਮ ਹੈ। ਜੇਕਰ ਕਿਸੇ ਸੜਕ ਜਾਂ ਹਾਈਵੇਅ ’ਤੇ ਘਟਨਾ ਹੁੰਦੀ ਹੈ ਤਾਂ ਪੁਲੀਸ ਨੂੰ ਹੀ ਜਾਣਾ ਪੈਂਦਾ ਹੈ, ਜਿਸ ਕਾਰਨ ਪੁਲੀਸ ’ਤੇ ਕੰਮ ਦਾ ਬੋਝ ਵੱਧ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਰੋਜ਼ਾਨਾ ਸੜਕ ਹਾਦਸਿਆਂ ਕਾਰਨ 14 ਲੋਕਾਂ ਦੀ ਮੌਤ ਹੋ ਰਹੀ ਹੈ ਜਿਸ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਕੋਸ਼ਿਸ਼ਾਂ ਤੇਜ਼ ਕੀਤੀਆਂ ਹਨ। ਸੜਕ ਸੁਰੱਖਿਆ ਫੋਰਸ ਕੋਲ ਪੰਜਾਬ ਵਿੱਚ ਮੁੱਖ ਮਾਰਗਾਂ ’ਤੇ ਸੁਰੱਖਿਆ ਦੀ ਜ਼ਿੰਮੇਵਾਰੀ ਹੋਵੇਗੀ। ਤੀਹ ਕਿਲੋਮੀਟਰ ਦੇ ਦਾਇਰੇ ’ਚ ਇੱਕ ਗੱਡੀ ਰਹੇਗੀ ਅਤੇ ਉਸ ਗੱਡੀ ’ਚ ਬਤੌਰ ਅਧਿਕਾਰੀ ਤੈਨਾਤ ਕੀਤਾ ਜਾਵੇਗਾ। ਜੇਕਰ ਉਸ ਦਾਇਰੇ ’ਚ ਕੋਈ ਹਾਦਸਾ ਹੁੰਦਾ ਹੈ ਤਾਂ ਉਹ ਅਧਿਕਾਰੀ ਜ਼ਿੰਮੇਵਾਰ ਹੋਵੇਗਾ, ਜਿਸ ਕੋਲੋਂ ਹਾਦਸੇ ਲਈ ਜਵਾਬ ਤਲਬੀ ਕੀਤੀ ਜਾਵੇਗੀ। ਉਨ੍ਹਾਂ ਮੁਤਾਬਕ ਇਸ ਫੋਰਸ ਨੂੰ ਦਿੱਤੀਆਂ ਜਾ ਰਹੀਆਂ ਸਾਰੀਆਂ ਗੱਡੀਆਂ ਡਿਜੀਟਲ ਹੋਣਗੀਆਂਂ, ਜਿਸ ਵਿੱਚ ਜੀਪੀਐੱਸ ਸਿਸਟਮ ਵੀ ਹੋਵੇਗਾ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜੇਕਰ ਕੋਈ ਸੜਕ ’ਤੇ ਟਰਾਲੀ ਜਾਂ ਕੋਈ ਹੋਰ ਵਾਹਨ ਖੜ੍ਹਾ ਕਰੇਗਾ ਤਾਂ ਉਸ ’ਤੇ ਤੁਰੰਤ ਐਕਸ਼ਨ ਲੈਂਦਿਆ ਚਲਾਨ ਕੀਤਾ ਜਾਵੇਗਾ ਅਤੇ ਹਾਦਸਿਆਂ ਪੰਜਾਬ ਦੇ ਲੋਕਾਂ ਦੀਆਂ ਬਿਨਾਂ ਵਜ੍ਹਾ ਹੋ ਰਹੀਆਂ ਮੌਤਾਂ ’ਤੇ ਰੋਕ ਲਾਈ ਜਾਵੇਗੀ। ਸ਼ਹਿਰ ਦੀਆਂ ਸੜਕਾਂ ’ਤੇ ਵੀ ਇਹੀ ਫੋਰਸ ਤੈਨਾਤ ਰਹੇਗੀ।

ਇਹ ਫੋਰਸ ਸ਼ਹਿਰ ’ਚ ਵੀ ਚਲਾਨ ਕਰੇਗੀ। ਇਹ ਫੋਰਸ ਸ਼ਿਫ਼ਟਾਂ ’ਚ ਕੰਮ ਕਰੇਗੀ। ਔਰਤ ਕਰਮੀ ਵੀ ਇਸ ਫੋਰਸ ’ਚ ਤੈਨਾਤ ਹੋਣਗੀਆਂਂ ਤੇ ਫੋਰਸ ਨੂੰ ਮੁੱਢਲੀ ਸਹਾਇਤਾ ਸਣੇ ਹੋਰ ਟ੍ਰੇਨਿੰਗ ਦਿੱਤੀ ਜਾਵੇਗੀ।