ਪੁਣੇ, 14 ਦਸੰਬਰ

ਪੰਜਾਬ ਪੁਰਸ਼ਾਂ ਦੀ ਸੀਨੀਅਰ ਹਾਕੀ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿਚ ਪਹੁੰਚ ਗਿਆ ਹੈ। ਇੱਥੇ ਮੇਜਰ ਧਿਆਨ ਚੰਦ ਸਟੇਡੀਅਮ ਵਿਚ ਹੋਏ ਮੁਕਾਬਲੇ ’ਚ ਪੰਜਾਬ ਨੇ ਆਂਧਰਾ ਪ੍ਰਦੇਸ਼ ਨੂੰ 7-1 ਨਾਲ ਹਰਾਇਆ। ਕਰਨਾਟਕ ਤੇ ਚੰਡੀਗੜ੍ਹ ਨੇ ਵੀ ਪੂਲ ਗੇੜ ਵਿਚ ਆਪੋ-ਆਪਣੇ ਦੂਸਰੇ ਮੈਚ ਜਿੱਤੇ ਹਨ। ਕਰਨਾਟਕ ਨੇ ਪੁੱਡੂਚੇਰੀ ਨੂੰ 4-1 ਅਤੇ ਚੰਡੀਗੜ੍ਹ ਨੇ ਮਨੀਪੁਰ ਨੂੰ 1-0 ਨਾਲ ਹਰਾਇਆ।

ਪੰਜਾਬ ਵੱਲੋਂ ਰੁਪਿੰਦਰ ਪਾਲ ਸਿੰਘ, ਲਵਪ੍ਰੀਤ, ਰਣਜੋਤ ਸਿੰਘ, ਸੁਦਰਸ਼ਨ ਸਿੰਘ ਨੇ ਪਹਿਲੇ ਅੱਧ ਵਿਚ ਗੋਲ ਕੀਤੇ। ਆਂਧਰਾ ਵੱਲੋਂ ਵੈਂਕਟ ਸ੍ਰੀ ਬਾਲਾਜੀ ਨੇ 26ਵੇਂ ਮਿੰਟ ਵਿਚ ਗੋਲ ਕੀਤਾ। ਦੂਜੇ ਹਾਫ਼ ਵਿਚ ਪੰਜਾਬ ਵੱਲੋਂ ਪਰਮਪ੍ਰੀਤ ਸਿੰਘ, ਸੰਕਲਪ ਸਿੰਘ ਤੇ ਸੁਦਰਸ਼ਨ ਨੇ ਗੋਲ ਕੀਤੇ।

ਇਸ ਤੋਂ ਪਹਿਲਾਂ ਪੰਜਾਬ ਨੇ ਉਤਰਾਖੰਡ ਨੂੰ ਹਰਾਇਆ ਸੀ। ਪੂਲ ਈ ਵਿਚ ਚੰਡੀਗੜ੍ਹ ਵੱਲੋਂ ਅਮਨਦੀਪ ਨੇ ਗੋਲ ਕੀਤਾ। ਚੰਡੀਗੜ੍ਹ ਦੇ ਹੁਣ ਛੇ ਅੰਕ ਹਨ ਜਦਕਿ ਮਨੀਪੁਰ ਤੇ ਰਾਜਸਥਾਨ ਦੇ ਤਿੰਨ-ਤਿੰਨ ਅੰਕ ਹਨ। ਪੂਲ ਈ ਦੇ ਇਕ ਹੋਰ ਮੈਚ ਵਿਚ ਰਾਜਸਥਾਨ ਨੇ ਤ੍ਰਿਪੁਰਾ ਨੂੰ 18-0 ਨਾਲ ਹਰਾਇਆ।