ਚੰਡੀਗੜ•, 17 ਅਕਤੂਬਰ:
ਹਰਿਆਣਾ ਵਿਖੇ ਹੋ ਰਹੀਆਂ ਵਿਧਾਨ ਸਭਾ ਚੋਣਾਂ, 2019 ਨੂੰ ਮੁੱਖ ਰੱਖਦੇ ਹੋਏ ਕੋਈ ਵੀ ਸਰਕਾਰੀ ਅਧਿਕਾਰੀ/ਕਰਮਚਾਰੀ ਹਰਿਆਣਾ ਰਾਜ ਦੇ ਵਿਧਾਨ ਸਭਾ ਹਲਕੇ ਦਾ ਵੋਟਰ ਹੈ ਅਤੇ ਪੰਜਾਬ ਰਾਜ ਦੇ ਸਰਕਾਰੀ ਦਫਤਰਾਂ/ਬੋਰਡਾਂ/ਕਾਰਪੋਰੇਸ਼ਨਾ/ਵਿੱਦਿਅਕ ਅਦਾਰਿਆਂ ਵਿੱਚ ਕੰਮ ਕਰਦਾ ਹੈ ਤਾਂ ਵੋਟ ਪਾਉਣ ਲਈ ਵੋਟਰ ਕਾਰਡ ਪੇਸ਼ ਕਰਕੇ ਸਬੰਧਿਤ ਅਧਿਕਾਰੀ ਤੋਂ 21 ਅਕਤੂਬਰ, 2019 ਦਿਨ ਸੋਮਵਾਰ ਦੀ ਸਪੈਸ਼ਲ ਛੁੱਟੀ ਲੈ ਸਕੇਗਾ। ਇਹ ਜਾਣਕਾਰੀ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦਿੱਤੀ ਅਤੇ ਸਪੱਸ਼ਟ ਕੀਤਾ ਕਿ ਇਹ ਛੁੱਟੀ ਕਰਮਚਾਰੀਆਂ ਦੇ ਛੁੱਟੀਆਂ ਦੇ ਖਾਤੇ ਵਿਚੋਂ ਕੱਟੀ ਨਹੀਂ ਜਾਵੇਗੀ। ਇਸ ਸਬੰਧੀ ਅਧਿਸੂਚਨਾਂ ਜਾਰੀ ਕਰ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਇਨ੍ਹਾਂ ਚੋਣਾਂ ਦੇ ਮੱਦੇਨਜ਼ਰ ਹਰਿਆਣਾ ਦੀ ਹੱਦ ਨਾਲ ਲੱਗਦੇ ਪੰਜਾਬ ਦੇ ਖੇਤਰ ਵਿਚ ਸਥਿਤ ਫੈਕਟਰੀਆਂ/ਦੁਕਾਨਾਂ ਅਤੇ ਵਪਾਰਕ ਇਕਾਈਆਂ ਵਿੱਚ ਕੰਮ ਕਰਦੇ ਹਰਿਆਣਾ ਦੇ ਕਿਰਤੀਆਂ ਲਈ ਵੀ 21 ਅਕਤੂਬਰ, 2019 ਨੂੰ ਪੇਡ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਹ ਛੁੱਟੀ 20 ਅਕਤੂਬਰ, 2019 ਅਤੇ 26 ਅਕਤੂਬਰ, 2019 ਦੇ ਵਿਚਕਾਰ ਆਉਣ ਵਾਲੀ ਹਫ਼ਤਾਵਾਰੀ ਛੁੱਟੀ ਦੇ ਬਦਲ ਵਿੱਚ ਨਹੀਂ ਹੋਵੇਗੀ।