ਰੇਤੇ ਦੀ ਨਜਾਇਜ ਮਾਇਨਿੰਗ ਕਰਨ ਵਾਲਿਆਂ ਖਿਲਾਫ ਹੋਵੇਗੀ ਹੋਰ ਸਖ਼ਤੀ  ਡਿਪਟੀ ਕਮਿਸ਼ਨਰ
ਫਾਜ਼ਿਲਕਾ, 12 ਸਤੰਬਰ
ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਉਚਿਤ ਮੁੱਲ ਤੇ ਰੇਤੇ ਦੀ ਉਪਲਬੱਧਤਾ ਯਕੀਨੀ ਬਣਾਉਣ ਲਈ ਇਸ ਦੀ ਆਨ ਲਾਈਨ ਬੁੱਕਿੰਗ ਦੀ ਵਿਵਸਥਾ ਕੀਤੀ ਗਈ ਹੈ। ਲੋਕ ਸਰਕਾਰ ਦੀ ਮੰਜੂਰਸੁਦਾ ਖੱਡ ਤੋਂ ਆਨਲਾਈਨ ਰੇਤਾ ਲੈਣ ਲਈ ਆਨ ਲਾਈਨ ਬੁਕਿੰਗ ਕਰਵਾ ਸਕਦੇ ਹਨ ਜਿੱਥੇ ਨਿਰਧਾਰਤ ਰੇਟ ਤੇ ਰੇਤਾ ਮਿਲੇਗਾ।
ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਇੱਥੇ ਮਾਇਨਿੰਗ ਸਬੰਧੀ ਇਕ ਬੈਠਕ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਸਬੰਧਤ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਰੇਤੇ ਦੀ ਨਜਾਇਜ ਮਾਇਨਿੰਗ ਨੂੰ ਸਖ਼ਤੀ ਨਾਲ ਰੋਕਿਆ ਜਾਵੇ ਅਤੇ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਵਾਲੇ ਕਾਰਕਾਂ ਤੇ ਸਖਤੀ ਕੀਤੀ ਜਾਵੇੇ।
ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਸਰਕਾਰ ਦੀਆਂ ਨਵੀਂਆਂ ਹਦਾਇਤਾਂ ਅਨੁਸਾਰ ਹੁਣ ਜੇਕਰ ਨਜਾਇਜ ਰੇਤੇ ਸਮੇਤ ਕੋਈ ਟਰੈਕਟਰ ਟਰਾਲੀ ਜਾਂ ਹੋਰ ਮਸ਼ੀਨਰੀ ਫੜੀ ਗਈ ਤਾਂ ਉਸਨੂੰ 2 ਤੋਂ 4 ਲੱਖ ਰੁਪਏ ਤੱਕ ਦਾ ਜੁਰਮਾਨਾ ਅਦਾ ਕੀਤੇ ਬਿਨਾਂ ਛੱਡਿਆ ਨਹੀਂ ਜਾਵੇਗਾ। ਉਨਾਂ ਨੇ ਪੁਲਿਸ ਅਤੇ ਮਾਇਨਿੰਗ ਵਿਭਾਗ ਨੂੰ ਨਜਾਇਜ ਮਾਇਨਿੰਗ ਕਰਨ ਵਾਲਿਆਂ ਖਿਲਾਫ ਚੌਕਸੀ ਵਧਾਉਣ ਲਈ ਕਿਹਾ।
ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਕਿਹਾ ਕਿ ਹੁਣ ਜਦ ਵੀ ਨਜਾਇਜ਼ ਮਾਇਨਿੰਗ ਸਬੰਧੀ ਕੋਈ ਕੇਸ ਦਰਜ ਹੋਵੇਗਾ ਤਾਂ ਇਸਦੀ ਸੂਚਨਾ ਕਰ ਅਤੇ ਆਬਕਾਰੀ ਵਿਭਾਗ, ਇਨਕਮ ਟੈਕਸ ਵਿਭਾਗ, ਟਰਾਂਸਪੋਰਟ ਵਿਭਾਗ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਵੀ ਦੇਣੀ ਹੋਵੇਗੀ ਤਾਂ ਜੋ ਇਹ ਵਿਭਾਗ ਵੀ ਦੋਸ਼ੀ ਖਿਲਾਫ ਕ੍ਰਮਵਾਰ ਜੀਐਸਟੀ ਚੋਰੀ, ਆਮਦਨ ਕੋਰ ਚੋਰੀ ਖਿਲਾਫ ਕਾਰਵਾਈ ਕਰਨ ਦੇ ਨਾਲ ਨਾਲ ਉਸਦਾ ਡਰਾਇਵਿੰਗ ਲਾਇਸੈਂਸ ਰੱਦ ਕਰਨ ਅਤੇ ਫੜੇ ਗਏ ਵਾਹਨਾਂ ਦੀ ਰਜਿਸਟੇ੍ਰਸ਼ਨ ਰੱਦ ਕਰਨ ਵਰਗੀਆਂ ਸਖ਼ਤ ਕਾਰਵਾਈਆਂ ਕਰ ਸਕਨ।
ਇਸ ਮੌਕੇ ਕਾਰਜਕਾਰੀ ਇੰਜਨੀਅਰ ਸ੍ਰੀ ਪਵਨ ਕਪੂਰ ਨੇ ਦੱਸਿਆ ਕਿ ਲੋਕਾਂ ਦੀ ਸਹੁਲਤ ਲਈ ਸਰਕਾਰ ਨੇ ਰੇਤੇ ਦੀ ਆਨਲਾਈਨ ਬੁਕਿੰਗ ਦੀ ਸਹੁਲਤ ਦੇ ਦਿੱਤੀ ਹੈ। ਇਸ ਲਈ ਲੋਕ ਵੇਬਸਾਇਟ https://www.minesandgeology.punjab.gov.in/ ਤੇ ਜਾ ਕੇ ਬੁਕਿੰਗ ਕਰਵਾ ਸਕਦੇ ਹਨ। ਇੱਥੇ ਰੇਤੇ ਦਾ ਰੇਟ 9 ਰੁਪਏ ਪ੍ਰਤੀ ਘਣ ਫੁੱਟ ਹੈ। ਟਰਾਂਸਪੋਰਟ ਦਾ ਖਰਚਾ ਵੱਖਰਾ ਹੋਵੇਗਾ। ਉਨਾਂ ਨੇ ਲੋਕਾਂ ਨੂੰ ਇਸ ਸਹੁਲਤ ਦਾ ਲਾਭ ਲੈਣ ਦਾ ਸੱਦਾ ਦਿੱਤਾ।