ਚੰਡੀਗੜ੍ਹ :-
ਪੰਜਾਬ ਸਰਕਾਰ ਨੇ ਅੱਜ ਅਨਲੌਕ-3.0 ਤਹਿਤ ਬੋਰਡਾਂ, ਯੂਨੀਵਰਸਿਟੀਆਂ, ਪਬਲਿਕ ਸਰਵਿਸ ਕਮਿਸ਼ਨਜ਼ ਅਤੇ ਹੋਰ ਅਦਾਰਿਆਂ ਨੂੰ ਪ੍ਰੀਖਿਆਵਾਂ ਲੈਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਸਰਕਾਰ ਨੇ ਪੰਜ ਅਗਸਤ ਤੋਂ ਜਿਮ ਅਤੇ ਯੋਗ ਸੰਸਥਾਵਾਂ ਖੋਲ੍ਹਣ ਦੀ ਇਜਾਜ਼ਤ ਵੀ ਦੇ ਦਿੱਤੀ ਹੈ। ਪ੍ਰੀਖਿਆਵਾਂ ਅਤੇ ਜਿਮ/ਯੋਗ ਸੰਸਥਾਵਾਂ ਲਈ ਕੇਂਦਰ ਸਰਕਾਰ ਵੱਲੋਂ ਜਾਰੀ ਨਿਯਮਾਂ (ਸਟੈਂਡਰਡ ਆਪਰੇਟਿੰਗ ਪ੍ਰੋਸੀਜ਼ਰ) ਦੀ ਪਾਲਣਾ ਲਾਜ਼ਮੀ ਹੋਵੇਗੀ। ਪ੍ਰੀਖਿਆਵਾਂ ਦੌਰਾਨ ਸਮਾਜਿਕ ਦੂਰੀ ਅਤੇ ਸੈਨੀਟੇਸ਼ਨ ਦਾ ਖਿਆਲ ਰੱਖਣਾ ਜ਼ਰੂਰੀ ਹੋਵੇਗਾ। ਰੱਖੜੀ ਦੇ ਤਿਉਹਾਰ ਦੇ ਮੱਦੇਨਜ਼ਰ ਐਤਵਾਰ ਨੂੰ ਸਾਰੀਆਂ ਦੁਕਾਨਾਂ ਤੇ ਸ਼ਾਪਿੰਗ ਮਾਲਜ਼ ਨੂੰ ਵੀ ਸਵੇਰੇ 7 ਤੋਂ ਸ਼ਾਮ ਅੱਠ ਵਜੇ ਤੱਕ ਖੋਲ੍ਹਣ ਦੀ ਪ੍ਰਵਾਨਗੀ ਵੀ ਦੇ ਦਿੱਤੀ ਹੈ। ਕੰਟੇਨਮੈਂਟ ਜ਼ੋਨਾਂ ਵਿੱਚ ਸਖ਼ਤੀ ਬਰਕਰਾਰ ਰਹੇਗੀ ਅਤੇ ਨਵੇਂ ਦਿਸ਼ਾ ਨਿਰਦੇਸ਼ 31 ਅਗਸਤ ਤੱਕ ਲਾਗੂ ਰਹਿਣਗੇ। ਰਾਤ 11 ਤੋਂ ਸਵੇਰ ਪੰਜ ਵਜੇ ਕਰਫਿਊ ਜਾਰੀ ਰਹੇਗਾ ਅਤੇ ਜ਼ਰੂਰੀ ਵਸਤਾਂ ਦੀ ਆਵਾਜਾਈ ਨੂੰ ਇਸ ਸਮੇਂ ਦੌਰਾਨ ਖੁੱਲ੍ਹ ਹੋਵੇਗੀ। ਵਿਆਹਾਂ ਅਤੇ ਸ਼ਰਧਾਂਜਲੀ ਸਮਾਗਮਾਂ ਲਈ ਪਹਿਲਾਂ ਵਾਲੇ ਨਿਯਮ ਹੀ ਲਾਗੂ ਰਹਿਣਗੇ ਅਤੇ ਧਾਰਮਿਕ ਸਥਾਨ ਸਵੇਰ 5 ਤੋਂ ਸ਼ਾਮ ਅੱਠ ਵਜੇ ਤੱਕ ਖੁੱਲ੍ਹੇ ਰਹਿਣਗੇ। ਪੰਜਾਹ ਫ਼ੀਸਦੀ ਸਮਰੱਥਾ ਨਾਲ ਰੈਸਟੋਰੈਂਟ ਰਾਤ ਦੇ 10 ਵਜੇ ਤੱਕ ਖੁੱਲ੍ਹੇ ਰਹਿਣਗੇ ਅਤੇ ਇੱਥੇ ਸ਼ਰਾਬ ਵਰਤਾਏ ਜਾਣ ਦੀ ਵੀ ਖੁੱਲ੍ਹ ਹੋਵੇਗੀ। ਪੰਜਾਬ ਸਰਕਾਰ ਨੇ ਹਾਲੇ ਬਾਰ ਨਹੀਂ ਖੋਲ੍ਹੇ ਹਨ। ਤੀਹ ਮਹਿਮਾਨਾਂ ਨਾਲ ਵਿਆਹ ਪਾਰਟੀਆਂ ਆਦਿ ਕਰਨ ਦੀ ਖੁੱਲ੍ਹ ਹੋਵੇਗੀ। ਦੁਕਾਨਾਂ ਸਵੇਰ 7 ਤੋਂ ਸ਼ਾਮ 8 ਵਜੇ ਤੱਕ ਖੁੱਲ੍ਹ ਸਕਣਗੀਆਂ ਜਦਕਿ ਠੇਕੇ ਸਵੇਰ 8 ਤੋਂ ਰਾਤ ਦੇ 10 ਵਜੇ ਤੱਕ ਖੁੱਲ੍ਹ ਸਕਣਗੇ। ਹਫ਼ਤਾਵਾਰੀ ਬੰਦਸ਼ਾਂ ਤਹਿਤ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਸਾਰੇ ਦਿਨ ਖੁੱਲ੍ਹਣਗੀਆਂ ਜਦਕਿ ਐਤਵਾਰ ਵਾਲੇ ਦਿਨ ਜ਼ਰੂਰੀ ਵਸਤਾਂ ਨੂੰ ਛੱਡ ਕੇ ਬਾਕੀ ਦੁਕਾਨਾਂ ਬੰਦ ਰਹਿਣਗੀਆਂ। ਰੈਸਟੋਰੈਂਟ ਤੇ ਠੇਕੇ ਸਾਰਾ ਹਫ਼ਤਾ ਖੁੱਲ੍ਹੇ ਰਹਿਣਗੇ। ਸਪੋਰਟਸ ਕੰਪਲੈਕਸ ਅਤੇ ਪਬਲਿਕ ਪਾਰਕ ਸਵੇਰ 5 ਤੋਂ ਸ਼ਾਮ ਅੱਠ ਵਜੇ ਤੱਕ ਖੁੱਲ੍ਹਣਗੇ ਪਰ ਲੋਕਾਂ ਦੇ ਇਕੱਠੇ ਹੋਣ ’ਤੇ ਮਨਾਹੀ ਰਹੇਗੀ।