ਚੰਡੀਗੜ੍ਹ, 9 ਜੁਲਾਈ:

ਕੁਦਰਤੀ ਆਫਤਾਂ ਅਤੇ ਦੁਰਘਟਨਾਵਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਸਮਾਂਬੱਧ ਤੇ ਢੁੱਕਵੀਂ ਸਹਾਇਤਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵਿਆਪਕ ਰਾਹਤ ਨੀਤੀ ਲਿਆਉਣ ਸਬੰਧੀ ਵਿਚਾਰ ਕਰ ਰਹੀ ਹੈ। ਇਹ ਜਾਣਕਾਰੀ ਮਾਲ, ਮੁੜ-ਵਸੇਬਾ ਅਤੇ ਆਫਤ ਪ੍ਰਬੰਧਨ ਮੰਤਰੀ, ਪੰਜਾਬ ਸ੍ਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਦਿੱਤੀ।

ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਵਿੱਤ ਮੰਤਰੀ ਦੀ ਅਗਵਾਈ ਹੇਠ ਕੈਬਨਿਟ ਸਬ-ਕਮੇਟੀ ਬਣਾਈ ਗਈ ਹੈ ਜਿਸ ਵਿੱਚ ਉਨ੍ਹਾਂ ਤੋਂ ਇਲਾਵਾ ਕੈਬਨਿਟ ਮੰਤਰੀ ਸ. ਸਾਧੂ ਸਿੰਘ ਧਰਮਸੋਤ ਅਤੇ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਮੈਂਬਰ ਹਨ। ਇਹ ਕਮੇਟੀ ਬੁੱਧਵਾਰ ਨੂੰ ਮੀਟਿੰਗ ਕਰਕੇ ਵਿਆਪਕ ਰਾਹਤ ਨੀਤੀ ਲਿਆਉਣ ਸਬੰਧੀ ਸੰਭਾਵਨਾਵਾਂ ਤਲਾਸ਼ੇਗੀ ਜਿਸ ਵਿਚ ਸਾਰੀਆਂ ਕੁਦਰਤੀ ਆਫਤਾਂ ਅਤੇ ਦੁਰਘਟਨਾਵਾਂ ਤੋਂ ਪੀੜਤ ਲੋਕਾਂ ਨੂੰ ਕਵਰ ਕੀਤਾ ਜਾਵੇਗਾ।

ਇਸ ਵਿਸ਼ੇ ‘ਤੇ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਗਈ ਮੀਟਿੰਗ ਤੋਂ ਬਾਅਦ ਸ੍ਰੀ ਕਾਂਗੜ ਨੇ ਕਿਹਾ ਕਿ ਮੌਜੂਦਾ ਸੰਦਰਭ ਵਿਚ ਦੰਗੇ, ਸੜਕ/ਰੇਲ ਹਾਦਸੇ, ਕੁਦਰਤੀ ਆਫਤਾਂ ਆਦਿ ਕਿਸਮ ਦੀਆਂ ਦੁਰਘਟਨਾਵਾਂ ਦੇ ਪੀੜਤਾਂ/ਆਸ਼ਰਿਤਾਂ ਨੂੰ ਰਾਹਤ ਪ੍ਰਦਾਨ ਕੀਤੀ ਜਾਂਦੀ ਹੈ। ਵੱਖ-ਵੱਖ ਵਿਭਾਗ ਆਪਣੀਆਂ ਵਿਭਾਗੀ ਨੀਤੀਆਂ ਅਨੁਸਾਰ ਇਸ ਦੀ ਸਹੂਲਤ ਪ੍ਰਦਾਨ ਕਰਦੇ ਹਨ। ਕਈ ਵਾਰ ਕਾਗਜ਼ੀ ਕਾਰਵਾਈ/ਪੜਤਾਲ ਪੂਰੀ ਕਰਦਿਆਂ ਸਹਾਇਤਾ ਰਾਸ਼ੀ ਜਾਰੀ ਕਰਨ ਵਿਚ ਦੇਰੀ ਹੋ ਜਾਂਦੀ ਹੈ। ਇਸ ਲਈ ਅਜਿਹੀ ਵਿਆਪਕ ਰਾਹਤ ਨੀਤੀ ਲਿਆਉਣ ਦਾ ਫੈਸਲਾ ਕੀਤਾ ਗਿਆ ਹੈ ਜੋ ਹਰੇਕ ਤਰ੍ਹਾਂ ਦੀਆਂ ਆਫਤਾਂ/ਦੁਰਘਟਨਾਵਾਂ ਦੇ ਪੀੜਤਾਂ ਨੂੰ ਸਮੇਂ ਸਿਰ ਢੁੱਕਵੀਂ ਰਾਹਤ ਪ੍ਰਦਾਨ ਕਰੇਗੀ।

ਉਹਨਾਂ ਦੱਸਿਆ ਕਿ ਨੀਤੀ ਦੀ ਰੂਪ-ਰੇਖਾ ਜਿਵੇਂ ਕਿਸ ਤਰ੍ਹਾਂ ਦੇ ਹਾਦਸਿਆਂ/ਆਫਤਾਂ ਨੂੰ  ਕਵਰ ਕੀਤਾ ਜਾਵੇਗਾ ਅਤੇ ਨੀਤੀ ਨੂੰ ਕਿਵੇਂ ਲਾਗੂ ਕਰਨਾ ਹੈ, ਸਬੰਧੀ ਕੈਬਨਿਟ ਸਬ-ਕਮੇਟੀ ਵਲੋਂ ਵਿਚਾਰ ਚਰਚਾ ਕੀਤੀ ਜਾਵੇਗੀ ਅਤੇ ਇਸ ਤੋਂ ਬਾਅਦ ਨੀਤੀ ਦਾ ਖਰੜਾ ਤਿਆਰ ਕਰਨ ਦਾ ਕੰਮ ਕੀਤਾ ਜਾਵੇਗਾ।