ਚੰਡੀਗੜ੍ਹ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਸ਼ਟਰਮੰਡਲ ਅਤੇ ਏਸ਼ਿਆਈ ਖੇਡਾਂ-2018 ਵਿੱਚ ਤਗ਼ਮੇ ਜਿੱਤਣ ਵਾਲੇ 23 ਖਿਡਾਰੀਆਂ ਨੂੰ ਅੱਜ ਨਗ਼ਦ ਪੁਰਕਸਾਰ ਨਾਲ ਸਨਮਾਨਿਆ। ਇਨ੍ਹਾਂ ਖਿਡਾਰੀਆਂ ਨੂੰ 15.55 ਕਰੋੜ ਰੁਪਏ ਦੀ ਕੁੱਲ ਰਕਮ ਤੋਂ ਇਲਾਵਾ ਐਪਲ ਫੋਨ ਵੀ ਦਿੱਤੇ ਗਏ।
ਮੁੱਖ ਮੰਤਰੀ ਵੱਲੋਂ ਸਨਮਾਨਿਤ ਖਿਡਾਰੀਆਂ ਵਿੱਚੋਂ ਹਿਨਾ ਸਿੱਧੂ ਨੂੰ 1.75 ਕਰੋੜ ਰੁਪਏ, ਪ੍ਰਣਵ ਚੋਪੜਾ ਨੂੰ 75 ਲੱਖ ਰੁਪਏ, ਅੰਜੁਮ ਮੋਦਗਿਲ ਨੂੰ 50 ਲੱਖ ਰੁਪਏ, ਨਵਜੀਤ ਕੌਰ ਢਿੱਲੋਂ ਨੂੰ 40 ਲੱਖ ਰੁਪਏ ਅਤੇ ਵਿਕਾਸ ਠਾਕੁਰ ਨੂੰ 40 ਲੱਖ ਰੁਪਏ ਦਿੱਤੇ ਗਏ। ਚਾਂਦੀ ਦਾ ਤਗ਼ਮਾ ਜੇਤੂ ਵੇਟਲਿਫਟਰ ਪ੍ਰਭਦੀਪ ਸਿੰਘ ਵੱਲੋਂ 50 ਲੱਖ ਰੁਪਏ ਦਾ ਇਨਾਮ ਉਸਦੀ ਮਾਤਾ ਨੇ ਪ੍ਰਾਪਤ ਕੀਤਾ।
ਏਸ਼ਿਆਈ ਖੇਡਾਂ ਵਿੱਚ ਤਜਿੰਦਰਪਾਲ ਸਿੰਘ ਤੂਰ, ਸਵਰਨ ਸਿੰਘ, ਸੁਖਮੀਤ ਸਿੰਘ ਅਤੇ ਅਰਪਿੰਦਰ ਸਿੰਘ ਨੂੰ ਇੱਕ-ਇੱਕ ਕਰੋੜ ਰੁਪਏ ਦਾ ਨਗ਼ਦ ਇਨਾਮ ਦਿੱਤਾ ਗਿਆ। ਰਮਨਦੀਪ ਕੌਰ ਖਹਿਰਾ ਅਤੇ ਰੀਨਾ ਖੋਖਰ ਨੂੰ 75-75 ਲੱਖ ਰੁਪਏ, ਜਦੋਂਕਿ ਰੁਪਿੰਦਰਪਾਲ ਸਿੰਘ ਨੂੰ 50 ਲੱਖ ਰੁਪਏ ਅਤੇ ਗੁਰਜੀਤ ਕੌਰ ਨੂੰ 75 ਲੱਖ ਰੁਪਏ ਦਿੱਤੇ ਗਏ। ਇਸੇ ਤਰ੍ਹਾਂ ਹਾਕੀ ਖਿਡਾਰੀ ਅਕਾਸ਼ਦੀਪ ਸਿੰਘ ਅਤੇ ਮਨਪ੍ਰੀਤ ਵੱਲੋਂ 50-50 ਲੱਖ ਰੁਪਏ ਦਾ ਇਨਾਮ ਕ੍ਰਮਵਾਰ ਉਸ ਦੇ ਪਿਤਾ ਅਤੇ ਮਾਤਾ ਨੇ ਪ੍ਰਾਪਤ ਕੀਤਾ।
ਏਸ਼ਿਆਈ ਖੇਡਾਂ ਵਿੱਚ ਕਾਂਸੀ ਦਾ ਤਗ਼ਮਾ ਜੇਤੂ ਹਾਕੀ ਟੀਮ ਦੇ ਹੋਰ ਖਿਡਾਰੀਆਂ ਨੂੰ ਵੀ 50-50 ਲੱਖ ਰੁਪਏ ਦਿੱਤੇ ਗਏ, ਜੋ ਇਸ ਸਮੇਂ ਕੌਮੀ ਕੈਂਪ ਵਿੱਚ ਹਿੱਸਾ ਲੈ ਰਹੇ ਹਨ। ਇਨ੍ਹਾਂ ਖਿਡਾਰੀਆਂ ਦੇ ਪਰਿਵਾਰਿਕ ਮੈਂਬਰਾਂ ਨੇ ਇਹ ਰਕਮ ਪ੍ਰਾਪਤ ਕੀਤੀ। ਇਨ੍ਹਾਂ ਵਿੱਚ ਮਨਦੀਪ ਸਿੰਘ, ਹਰਮਨਪ੍ਰੀਤ ਸਿੰਘ, ਸਿਮਰਨਜੀਤ ਸਿੰਘ, ਕ੍ਰਿਸ਼ਨ ਬਹਾਦਰ ਪਾਠਕ ਅਤੇ ਦਿਲਪ੍ਰੀਤ ਸਿੰਘ ਸ਼ਾਮਲ ਹਨ। ਭਗਵਾਨ ਸਿੰਘ ਨੂੰ ਵੀ 50 ਲੱਖ ਰੁਪਏ ਦਿੱਤੇ ਗਏ।
ਨਗ਼ਦ ਪੁਰਸਕਾਰ ਵੰਡ ਸਮਾਰੋਹ ਦੌਰਾਨ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ, ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਉੱਘੇ ਅਥਲੀਟ ਮਿਲਖਾ ਸਿੰਘ, ਵਿਧਾਇਕ ਪ੍ਰਗਟ ਸਿੰਘ, ਪੰਜਾਬ ਉਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਤੇ ਹੋਰ ਸਖ਼ਸ਼ੀਅਤਾਂ ਮੌਜੂਦ ਸਨ।