ਚੰਡੀਗੜ੍ਹ: ਪੰਜਾਬ ‘ਚ ਸਮੂਹਿਕ ਛੁੱਟੀ ‘ਤੇ ਗਏ 14 ਤਹਿਸੀਲਦਾਰਾਂ ਨੂੰ ਸਰਕਾਰ ਨੇ ਮੁਅੱਤਲ ਕਰ ਦਿੱਤਾ ਹੈ। ਪੰਜਾਬ ਵਿੱਚ ਵਿਜੀਲੈਂਸ ਬਿਊਰੋ ਦੀ ਕਾਰਵਾਈ ਦੇ ਵਿਰੋਧ ਵਿੱਚ ਤਹਿਸੀਲਦਾਰ ਸਮੂਹਿਕ ਛੁੱਟੀ ‘ਤੇ ਚਲੇ ਗਏ ਸਨ। ਸੀਐਮ ਮਾਨ ਨੇ ਤਹਿਸੀਲਦਾਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਸਾਰੇ ਤਹਿਸੀਲਦਾਰ ਸ਼ਾਮ 5 ਵਜੇ ਤੱਕ ਵਾਪਸ ਆਉਣ, ਨਹੀਂ ਤਾਂ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਜਾਵੇਗਾ। ਕੁਝ ਜ਼ਿਲ੍ਹਿਆਂ ਦੇ ਤਹਿਸੀਲਦਾਰ ਵਾਪਸ ਆ ਗਏ ਸਨ, ਪਰ ਕੁਝ ਵਾਪਸ ਨਹੀਂ ਆਏ।ਇਸ ਤੋਂ ਬਾਅਦ ਵੱਡੀ ਕਾਰਵਾਈ ਕਰਦੇ ਹੋਏ ਸਰਕਾਰ ਨੇ 14 ਤਹਿਸੀਲਦਾਰਾਂ ਨੂੰ ਮੁਅੱਤਲ ਕਰ ਦਿੱਤਾ ਹੈ। ਸਰਕਾਰ ਮੁਤਾਬਿਕ ਇਹ ਕਰਮਚਾਰੀ ਸੇਲ ਡੀਡ ਦਰਜ ਕਰਨ ਤੋਂ ਇਨਕਾਰ ਕਰ ਰਹੇ ਸਨ।
ਪੰਜਾਬ ਸਰਕਾਰ ਨੇ ਦੇਰ ਰਾਤ ਸਮੂਹਿਕ ਛੁੱਟੀ ‘ਤੇ ਗਏ 5 ਤਹਿਸੀਲਦਾਰਾਂ ਅਤੇ 9 ਨਾਇਬ ਤਹਿਸੀਲਦਾਰਾਂ ਨੂੰ ਮੁਅੱਤਲ ਕਰ ਦਿੱਤਾ ਹੈ।ਮੁਅੱਤਲ ਕੀਤੇ ਮਾਲ ਅਧਿਕਾਰੀਆਂ ਵਿੱਚ ਮੋਗਾ ਜ਼ਿਲ੍ਹੇ ਦੇ ਬਾਘਾਪੁਰਾਣਾ ਦੇ ਤਹਿਸੀਲਦਾਰ ਗੁਰਮੁੱਖ ਸਿੰਘ, ਨਾਇਬ ਤਹਿਸੀਲਦਾਰ ਭੀਮ ਸੇਨ, ਸਮਾਲਸਰ ਦੇ ਨਾਇਬ ਤਹਿਸੀਲਦਾਰ ਅਮਰਪ੍ਰੀਤ ਸਿੰਘ, ਧਰਮਕੋਟ ਦੇ ਨਾਇਬ ਤਹਿਸੀਲਦਾਰ ਰਮੇਸ਼ ਢੀਂਗਰਾ, ਬੱਧਨੀ ਕਲਾਂ ਦੇ ਨਾਇਬ ਤਹਿਸੀਲਦਾਰ ਹਮੀਸ਼ ਕੁਮਾਰ, ਨਿਹਾਲ ਸਿੰਘ ਵਾਲਾ ਦੇ ਨਾਇਬ ਤਹਿਸੀਲਦਾਰ ਸੁਖਵਿੰਦਰ ਸਿੰਘ, ਫ਼ਿਰੋਜ਼ਪੁਰ ਦੇ ਗੁਰੂਹਰਸਹਾਏ ਦੇ ਤਹਿਸੀਲਦਾਰ ਰਜਿੰਦਰ ਸਿੰਘ, ਫ਼ਿਰੋਜ਼ਪੁਰ ਦੇ ਨਾਇਬ ਤਹਿਸੀਲਦਾਰ ਜਗਤਾਰ ਸਿੰਘ, ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਦੇ ਤਹਿਸੀਲਦਾਰ ਜਤਿੰਦਰਪਾਲ ਸਿੰਘ, ਸ੍ਰੀ ਮੁਕਤਸਰ ਸਾਹਿਬ ਦੇ ਨਾਇਬ ਤਹਿਸੀਲਦਾਰ ਰਣਜੀਤ ਸਿੰਘ ਖਹਿਰਾ, ਬਰੀਵਾਲਾ ਦੇ ਤਹਿਸੀਲਦਾਰ ਪਰਮਿੰਦਰ ਸਿੰਘ, ਗਿੱਦੜਬਾਹਾ ਦੇ ਤਹਿਸੀਲਦਾਰ ਕੰਵਲਦੀਪ ਸਿੰਘ ਬਰਾੜ, ਗਿੱਦੜਬਾਹਾ ਦੇ ਨਾਇਬ ਤਹਿਸੀਲਦਾਰ ਅੰਮ੍ਰਿਤਾ ਅਗਰਵਾਲ ਅਤੇ ਦੋਦਾ ਦੇ ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਇਹ ਹੁਕਮ ਵਧੀਕ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਮੰਗਲਵਾਰ ਦੇਰ ਰਾਤ ਜਾਰੀ ਕੀਤਾ। ਇਨ੍ਹਾਂ ਮਾਲ ਅਧਿਕਾਰੀਆਂ ਨੂੰ ਪੰਜਾਬ ਸਿਵਲ ਸਰਵਿਸਜ਼ ਰੂਲਜ਼ 1970 ਰੂਲ 8 ਤਹਿਤ ਡਿਊਟੀ ‘ਤੇ ਹਾਜ਼ਰ ਨਾ ਹੋਣ ‘ਤੇ ਕਾਰਵਾਈ ਕਰਦਿਆਂ ਮੁਅੱਤਲ ਕਰ ਦਿੱਤਾ ਗਿਆ ਹੈ।