ਚੰਡੀਗੜ੍ਹ, 21 ਜੂਨ
ਪੰਜਾਬ ਸਰਕਾਰ ਨੇ ਕੁਦਰਤੀ ਆਫਤਾਂ ਨਾਲ ਨੁਕਸਾਨੀਆਂ ਫ਼ਸਲਾਂ ਦੀ ਮੁਆਵਜ਼ਾ ਰਾਸ਼ੀ ਵਧਾ ਕੇ 12 ਹਜ਼ਾਰ ਰੁਪਏ ਪ੍ਰਤੀ ਏਕੜ ਕਰਨ ਦਾ ਫੈਸਲਾ ਕੀਤਾ ਹੈ। ਇਹ ਫੈਸਲਾ 20 ਜੂਨ 2017 ਤੋਂ ਲਾਗੂ ਹੋਵੇਗਾ। ਇਸ ਤੋਂ ਪਹਿਲਾਂ ਮੁਆਵਜ਼ਾ ਰਾਸ਼ੀ ਅੱਠ ਹਜ਼ਾਰ ਰੁਪਏ ਸੀ। ਮਾਲ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਦੱਸਿਆ ਕਿ ਜਿਹੜੀਆਂ ਫ਼ਸਲਾਂ ਦਾ 76 ਤੋਂ 100 ਫੀਸਦੀ ਨੁਕਸਾਨ ਹੋਵੇਗਾ, ਉਸ ਲਈ ਮੁਆਵਜ਼ਾ ਰਾਸ਼ੀ 8000 ਰੁਪਏ ਤੋਂ ਵਧਾ ਕੇ 12000 ਰੁਪਏ ਪ੍ਰਤੀ ਏਕੜ ਕਰ ਦਿੱਤੀ ਹੈ ਅਤੇ ਇਹ ਵਾਧਾ 50 ਫੀਸਦੀ ਬਣਦਾ ਹੈ। ਮੁਆਵਜ਼ਾ ਰਾਸ਼ੀ ਵਿੱਚ ਹੋਏ ਵਾਧੇ ਨਾਲ ਉਨ੍ਹਾਂ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ, ਜਿਨ੍ਹਾਂ ਦੀ ਫ਼ਸਲ ਕੁਦਰਤੀ ਆਫ਼ਤ ਵਿੱਚ ਨੁਕਸਾਨੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 1 ਅਪਰੈਲ 2015 ਨੂੰ 76 ਤੋਂ 100 ਫੀਸਦੀ ਖ਼ਰਾਬੇ ਲਈ ਮੁਆਵਜ਼ਾ ਰਾਸ਼ੀ 8000 ਰੁਪਏ ਪ੍ਰਤੀ ਏਕੜ ਕੀਤੀ ਗਈ ਸੀ।













