ਰਾਹਤ ਫੰਡ ਦੀ ਆਲੋਚਨਾ ਕਰਨ ‘ਤੇ ਅਕਾਲੀਆਂ ਨੂੰ ਆੜੇ ਹੱਥੀਂ ਲਿਆ
ਲੰਮਾਂ ਸਮਾਂ ਚੱਲਣ ਵਾਲੀ ਤੇ ਅਨਿਸ਼ਚਤ ਕੋਵਿਡ ਜੰਗ ਲਈ ਮੁੱਖ ਮੰਤਰੀ ਰਾਹਤ ਫੰਡ ਹੰਗਾਮੀ ਵਿਵਸਥਾ ਦਾ ਹਿੱਸਾ
ਕੋਵਿਡ ਸੰਕਟ ਵਿੱਚ ਪੰਜਾਬ ਨੂੰ ਕੋਈ ਸਹਾਇਤਾ ਨਾ ਦੇਣ ਲਈ ਕੇਂਦਰ ਵਿੱਚ ਆਪਣੇ ਭਾਈਵਾਲ ਨੂੰ ਸਵਾਲ ਕਰਨ ਅਕਾਲੀ
ਚੰਡੀਗੜ੍ਹ, 24 ਜੁਲਾਈ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀਆਂ ਵੱਲੋਂ ਮੁੱਖ ਮੰਤਰੀ ਰਾਹਤ ਫੰਡ ਵਿੱਚ 64 ਕਰੋੜ ਦੀ ਰਾਸ਼ੀ ਬਾਰੇ ਸਵਾਲ ਉਠਾਏ ਜਾ ਰਹੇ ਹਨ ਜੋ ਕਿ ਸੂਬਾ ਸਰਕਾਰ ਦੁਆਰਾ ਕੋਵਿਡ ਦੀ ਰੋਕਥਾਮ ਲਈ ਪ੍ਰਬੰਧਾਂ ‘ਤੇ ਖਰਚੀ ਜਾ ਚੁੱਕੀ 300 ਕਰੋੜ ਤੋਂ ਵੱਧ ਰਕਮ ਦੇ ਮੁਕਾਬਲੇ ਤੁੱਛ ਮਾਤਰ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਹੰਗਾਮੀ ਉਦੇਸ਼ਾਂ ਲਈ ਇਹ ਫੰਡ ਰੱਖੇ ਹਨ ਜਿਨ੍ਹਾਂ ਨੂੰ ਲੋੜ ਪੈਣ ‘ਤੇ ਵਰਤਿਆ ਜਾਵੇਗਾ।
ਕੋਵਿਡ ਸਬੰਧੀ ਕਾਰਜਾਂ ਲਈ ਸੂਬਾ ਸਰਕਾਰ ਵੱਲੋਂ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ ਸਿਰਫ 2.28 ਕਰੋੜ ਰੁਪਏ ਖਰਚਣ ਦੀ ਕੀਤੀ ਜਾ ਰਹੀ ਆਲੋਚਨਾ ਲਈ ਅਕਾਲੀਆਂ ਦੀ ਖਿੱਲੀ ਉਡਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੋਵਿਡ ਨਾਲ ਸਬੰਧਤ ਖਰਚਿਆਂ ਨੂੰ ਵਿੱਤ ਦੇਣ ਦਾ ਸਰੋਤ ਪੂਰੀ ਤਰ੍ਹਾਂ ਬੇਤੁੱਕਾ ਹੈ। ਉਨ੍ਹਾਂ ਕਿਹਾ ਕਿ ਮਹੱਤਵਪੂਰਨ ਗੱਲ ਇਹ ਹੈ ਕਿ ਕੇਂਦਰ ਸਰਕਾਰ, ਜਿਸ ਵਿੱਚ ਅਕਾਲੀ ਵੀ ਭਾਈਵਾਲ ਹਨ, ਪਾਸੋਂ ਕੋਈ ਆਰਥਿਕ ਸਹਾਇਤਾ ਨਾ ਮਿਲਣ ਦੇ ਬਾਵਜੂਦ ਉਨ੍ਹਾਂ ਦੀ ਸਰਕਾਰ ਨੇ ਕੋਵਿਡ ਸਬੰਧੀ ਪ੍ਰਬੰਧ ਕਰਨ ਦੇ ਰਾਹ ਵਿੱਚ ਵਿੱਤੀ ਰੁਕਾਵਟਾ ਪੈਦਾ ਨਹੀਂ ਹੋਣ ਦਿੱਤੀਆਂ।
ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਅਕਾਲੀਆਂ ਨੂੰ ਸੱਚਮੁੱਚ ਹੀ ਸੂਬੇ ਵਿੱਚ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਪ੍ਰਬੰਧਾਂ ਦਾ ਫਿਕਰ ਹੈ ਤਾਂ ਉਨ੍ਹਾਂ ਨੂੰ ਕੇਂਦਰ ਸਰਕਾਰ ਪਾਸੋਂ ਸਵਾਲ ਪੁੱਛਣਾ ਚਾਹੀਦਾ ਹੈ ਕਿ ਇਸ ਔਖੇ ਸਮੇਂ ਵਿੱਚ ਪੰਜਾਬ ਸਰਕਾਰ ਨੂੰ ਸਹਾਇਤਾ ਕਿਉਂ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਸਬੰਧਤ ਨਾਗਰਿਕਾਂ ਵੱਲੋਂ ਮੁੱਖ ਮੰਤਰੀ ਰਾਹਤ ਫੰਡ ਵਿੱਚ ਪਾਇਆ ਜਾ ਰਿਹਾ ਯੋਗਦਾਨ ਇਕ ਐਮਰਜੈਂਸੀ ਫੰਡ ਹੈ ਜਿਸ ਨੂੰ ਸੂਬਾ ਸਰਕਾਰ ਨੇ ਬਹੁਤ ਜ਼ਰੂਰੀ ਹਾਲਤਾਂ ਜਦੋਂ ਫੌਰੀ ਕੋਈ ਹੋਰ ਬਦਲਵਾਂ ਸਰੋਤ ਮੌਜੂਦ ਨਾ ਹੋਵੇ, ਮੌਕੇ ਲੋੜਾਂ ਦੀ ਪੂਰਤੀ ਲਈ ਖਰਚਣ ਲਈ ਰੱਖਿਆ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮਹਾਂਮਾਰੀ ਨਾਲ ਪੈਦਾ ਹੋਈ ਅਨਿਸ਼ਚਿਤਤਾ ਦੇ ਮੱਦੇਨਜ਼ਰ ਜੋ ਕਈ ਮਹੀਨਿਆਂ ਅਤੇ ਇੱਥੋਂ ਤੱਕ ਕਿ ਸ਼ਾਇਦ ਇਕ ਸਾਲ ਜਾਂ ਇਸ ਤੋਂ ਵੱਧ ਸਮਾਂ ਵੀ ਤੱਕ ਰਹਿ ਸਕਦੀ ਹੈ, ਕਿਸੇ ਵੀ ਤਰ੍ਹਾਂ ਦੀ ਸੰਭਾਵੀ ਸਥਿਤੀ ਨਾਲ ਨਿਪਟਣ ਦੀਆਂ ਤਿਆਰੀਆਂ ਲਈ ਅਜਿਹੇ ਹੰਗਾਮੀ ਫੰਡ ਨੂੰ ਰੱਖਣਾ ਮਹੱਤਵਪੂਰਨ ਹੋ ਜਾਂਦਾ ਹੈ। ਉਨ੍ਹਾਂ ਵਿਅੰਗ ਕਰਦਿਆਂ ਲੈਂਦਿਆਂ ਕਿਹਾ ਕਿ ਹਾਲਾਂਕਿ, ਅਕਾਲੀ ਸਪੱਸ਼ਟ ਤੌਰ ‘ਤੇ ਅਜਿਹੀਆਂ ਹੰਗਾਮੀ ਤਿਆਰੀਆਂ ਵਿੱਚ ਵਿਸ਼ਵਾਸ ਨਹੀਂ ਰੱਖਦੇ ਜਿਸ ਦਾ ਮਿਸਾਲ ਇਨ੍ਹਾਂ ਦੇ 10 ਸਾਲਾਂ ਦੇ ਸ਼ਾਸਨਕਾਲ ਦੌਰਾਨ ਪੈਦਾ ਹੋਈ ਸੰਕਟਕਾਲੀ ਸਥਿਤੀ ਨਾਲ ਨਿਪਟਣ ਵਿੱਚ ਇਨ੍ਹਾਂ ਦੀ ਨਾਕਾਬਲੀਅਤ ਤੋਂ ਲਈ ਜਾ ਸਕਦੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਹਤ ਫੰਡ ਵਿੱਚ ਬਾਕੀ ਪਏ 64,86,10,456 ਰੁਪਏ ਦੀ ਰਕਮ ਉਹਨਾਂ ਕਰੋੜਾਂ ਰੁਪਇਆ ਦੇ ਮੁਕਾਬਲੇ ਸਮੁੰਦਰ ਵਿੱਚ ਬੂੰਦ ਵਾਂਗ ਹਨ, ਜਿਹੜੇ ਉਨ੍ਹਾਂ ਦੀ ਸਰਕਾਰ ਕਰੋਨਾਵਾਇਰਸ ਖਿਲਾਫ ਲੜਾਈ ਲਈ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ, ਕੋਵਿਡ ਇਲਾਜ ਕੇਂਦਰਾਂ ਦੀ ਸਥਾਪਤੀ, ਵਧੀਕ ਮੈਡੀਕਲ ਤੇ ਪੈਰਾਮੈਡੀਕਲ ਸਟਾਫ ਦੀ ਸ਼ਮੂਲੀਅਤ,ਪੀ.ਪੀ.ਈ ਕਿੱਟਾਂ ਦੀ ਖ੍ਰੀਦ ਅਤੇ ਹੋਰ ਜ਼ਰੂਰੀ ਉਪਕਣਾ ‘ਤੇ ਪਹਿਲਾਂ ਹੀ ਖਰਚ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ, ਸਿਹਤ ਵਿਭਾਗਵੱਲੋਂ ਇਕੱਲਿਆਂ ਹੀ ਹੋਰਨਾਂ ਜ਼ਰੂਰਤਾਂ ਦੇ ਨਾਲ-ਨਾਲ ਐਂਬੂਲੈਂਸਾਂ, ਆਕਸੀਜਨ ਸਿਲੰਡਰਾਂ, ਉਪਭੋਗੀ ਵਸਤਾਂ, ਦਵਾਈਆਂ, ਤਿੰਨ ਪਰਤੀ ਮਾਸਕਾਂ ਐਨ.95, ਪੀ.ਪੀ.ਈ, ਵੀ.ਟੀ.ਐਮ ਕਿੱਟਾਂ ਵਰਗੀਆਂ ਕੋਵਿਡ ਇਲਾਜ਼ ਲਈ ਜ਼ਰੂਰੀ ਚੀਜ਼ਾਂ ‘ਤੇ 150 ਕਰੋੜ ਦੇ ਕਰੀਬ ਰੁਪਏ ਖਰਚ ਕੀਤੇ ਗਏ ਹਨ।
ਮੁੱਖ ਮੰਤਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਸੂਬਾ ਸਰਕਾਰ 398 ਸ਼੍ਰਮਿਕ ਰੇਲ ਗੱਡੀਆਂ ਰਾਹੀਂ 5.20 ਲੱਖਪਰਵਾਸੀ ਕਿਰਤੀਆਂ ਨੂੰ ਉਨ੍ਹਾਂ ਦੇ ਜੱਦੀ ਸੂਬਿਆਂ ‘ਚ ਘਰਾਂ ਤੱਕ ਪਹੁੰਚਾਉਣ ਲਈ 29.5 ਕਰੋੜ ਖਰਚ ਕਰ ਚੁੱਕੀ ਹੈ। ਮੁੱਖ ਮੰਤਰੀ ਵੱਲੋਂ ਇਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਆਲੋਚਨਾ ਕਿ ਮੁੱਖ ਮੰਤਰੀ ਰਾਹਤ ਫੰਡ ਦੀ ਵਰਤੋਂ ਪਰਵਾਸੀ ਕਿਰਤੀਆਂ ਦੀ ਸਹਾਇਤਾ ਲਈ ਨਹੀਂ ਕੀਤੀ ਗਈ, ਬਾਰੇ ਪ੍ਰਤੀਕ੍ਰਿਆ ਪ੍ਰਗਟਾਉਂਦਿਆਂ ਆਖਿਆ ਗਿਆ। ਮੁੱਖ ਮੰਤਰੀ ਨੇ ਹੋਰ ਦੱਸਿਆ ਕਿ ਸੂਬੇ ਅੰਦਰ ਆਰਥਿਕ ਪੱਖੋਂ ਕਮਜ਼ੋਰ ਅਤੇ ਗਰੀਬਾਂ ਲਈ ਖੁਰਾਕੀ ਵਸਤਾਂ ਅਤੇ ਜ਼ਰੂਰੀ ਚੀਜ਼ਾਂ ਦੀ ਸਪਲਾਈ ‘ਤੇ ਵੀ ਕਰੋੜਾਂ ਰੁਪਏ ਖਰਚੇ ਜਾ ਚੁੱਕੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਬਿਆਨ ਵਿੱਚ ਕਿਤੇ ਵੀ ਕਿਸੇ ਹਸਪਤਾਲ ਦੇ ਮਾਮਲੇ ਬਾਰੇ ਸਪੱਸ਼ਟ ਜ਼ਿਕਰ ਨਹੀਂ ਕੀਤਾ ਗਿਆ ਜਿੱਥੇ ਡਾਕਟਰਾਂ ਨੂੰ ਸੁਰੱਖਿਆ ਉਪਕਰਣ ਨਾ ਮਿਲੇ ਹੋਣ ਜਾਂ ਵੈਂਟੀਲੇਟਰ ਜਾਂ ਹੋਰ ਸਹੂਲਤਾਂ ਦੀ ਘਾਟ ਹੋਵੇ। ਉਨ੍ਹਾਂ ਕਿਹਾ ਕਿ , ”ਜੇਕਰ ਅਜਿਹਾ ਕੋਈ ਮਸਲਾ ਅਕਾਲੀਆਂ ਦੇ ਧਿਆਨ ਵਿੱਚ ਹੈ ਉਹ ਸਾਡੇ ਧਿਆਨ ਵਿੱਚ ਲਿਆਉਣ ਤਾਂ ਜੋ ਅਸੀਂ ਸਮੱਸਿਆ ਦਾ ਹੱਲ ਕਰ ਸਕੀਏ। ਅਸੀਂ ਕਿਵੇਂ ਤੇ ਕਿੱਥੋਂ ਫੰਡ ਕਢਵਾ ਰਹੇ ਹਾਂ, ਇਹ ਸਾਡੀ ਸਮੱਸਿਆ ਹੈ ਅਤੇ ਉਨ੍ਹਾਂ ਨੂੰ ਇਸ ਬਾਰੇ ਚਿੰਤਾ ਕਰਨ ਦੀ ਜ਼ਰੂਰਤ ਨਹੀਂਂ।”
ਮੁੱਖ ਮੰਤਰੀ ਨੇ ਕਿਹਾ ਅਜਿਹੇ ਸੰਕਟ ਦੇ ਸਮੇਂ ਵਿੱਚ ਨਿਰਆਧਾਰ ਮਸਲਿਆਂ ‘ਤੇ ਸਮਾਂ ਖਰਾਬਕਰਨ ਅਤੇ ਲੋਕਾਂ ਨੂੰ ਆਪਣੇ ਗੈਰ-ਜ਼ਰੂਰੀ ਤੇ ਬੇਬੁਨਿਆਦ ਦੋਸ਼ਾਂ ਨਾਲ ਗੁੰਮਰਾਹ ਕਰਨ ਦੀ ਬਜਾਏ ਅਕਾਲੀਆਂ ਨੂੰ ਕੋਵਿਡ ਮਹਾਂਮਾਰੀ ਨਾਲ ਲੜਾਈ ਵਿੱਚ ਸੂਬਾ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ।