ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਜਨਤਾ ਨੂੰ ਸੁਚੇਤ ਕੀਤਾ ਹੈ ਕਿ ਸੋਸ਼ਲ ਮੀਡੀਆ ’ਤੇ ਇੱਕ ਜਾਅਲੀ ਭਰਤੀ ਨੋਟਿਸ ਵਾਇਰਲ ਹੋ ਰਿਹਾ ਹੈ। ਇਹ ਫਰਜ਼ੀ ਇਸ਼ਤਿਹਾਰ Facebook ਪੇਜ “Job Alerts by Hardeep” (ਲਿੰਕ: https://jobalertbyhardeep.com/Punjab-school-education-board-recruitment-2025-2/link) ’ਤੇ ਪ੍ਰਕਾਸ਼ਿਤ ਕੀਤਾ ਗਿਆ ਹੈ, ਜਿਸ ਵਿੱਚ ਗਲਤ ਤਰੀਕੇ ਨਾਲ ਦਾਅਵਾ ਕੀਤਾ ਗਿਆ ਹੈ ਕਿ ਬੋਰਡ ਵੱਲੋਂ ਬਿਨਾਂ ਪ੍ਰੀਖਿਆ ਦੇ “ਸਿੱਧੀ ਭਰਤੀ” 47,600 ਰੁਪਏ ਮਹੀਨਾ ਤਨਖਾਹ ’ਤੇ ਕੀਤੀ ਜਾ ਰਹੀ ਹੈ, ਅਤੇ ਅਰਜ਼ੀਆਂ ਦੀ ਅੰਤਿਮ ਮਿਤੀ 24 ਜੂਨ 2025 ਦੱਸੀ ਗਈ ਹੈ।

ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਇਹ ਨੋਟਿਸ ਪੂਰੀ ਤਰ੍ਹਾਂ ਨਕਲੀ ਅਤੇ ਗੈਰ-ਕਾਨੂੰਨੀ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਜਿਹੀ ਕੋਈ ਭਰਤੀ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ। ਇਹ ਜਾਅਲੀ ਇਸ਼ਤਿਹਾਰ ਸ਼ਰਾਰਤੀ ਤੱਤਾਂ ਵੱਲੋਂ ਲੋਕਾਂ ਨਾਲ ਧੋਖਾਧੜੀ ਕਰਨ ਦੀ ਕੋਸ਼ਿਸ਼ ਦਾ ਹਿੱਸਾ ਹੈ।

ਬੋਰਡ ਦੀਆਂ ਸਾਰੀਆਂ ਅਸਲ ਭਰਤੀਆਂ ਸਿਰਫ਼ ਅਧਿਕਾਰਿਤ ਵੈਬਸਾਈਟ (www.pseb.ac.in) ਜਾਂ ਮਾਨਤਾ ਪ੍ਰਾਪਤ ਅਖ਼ਬਾਰਾਂ ਅਤੇ ਮੀਡੀਆ ਚੈਨਲਾਂ ਰਾਹੀਂ ਹੀ ਜਾਰੀ ਕੀਤੀਆਂ ਜਾਂਦੀਆਂ ਹਨ। ਜਨਤਾ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅਜਿਹੇ ਕਿਸੇ ਵੀ ਫਰਜ਼ੀ ਨੋਟਿਸ ਜਾਂ ਖਬਰ ’ਤੇ ਭਰੋਸਾ ਨਾ ਕਰਨ। ਜੇਕਰ ਕੋਈ ਵਿਅਕਤੀ ਇਸ ਨਕਲੀ ਨੋਟਿਸ ਦਾ ਸ਼ਿਕਾਰ ਬਣਿਆ ਹੈ, ਤਾਂ ਉਸ ਨੂੰ ਤੁਰੰਤ ਪੰਜਾਬ ਪੁਲਿਸ ਦੀ ਸਾਈਬਰ ਕ੍ਰਾਈਮ ਵਿੰਗ ਨੂੰ ਸੂਚਿਤ ਕਰਨਾ ਚਾਹੀਦਾ ਹੈ।

ਇਸ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ, ਬੋਰਡ ਨੇ ਸਾਈਬਰ ਕ੍ਰਾਈਮ ਵਿੰਗ ’ਚ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਤਿਆਰੀ ਕਰ ਰਿਹਾ ਹੈ।

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਨੇ ਅਪੀਲ ਕੀਤੀ ਹੈ ਕਿ ਸਾਰੇ ਲੋਕ ਅਜਿਹੇ ਜਾਅਲੀ ਨੋਟਿਸਾਂ ਤੋਂ ਸੁਚੇਤ ਰਹਿਣ ਅਤੇ ਅਫਵਾਹਾਂ ’ਤੇ ਧਿਆਨ ਨਾ ਦੇਣ।