ਚੰਡੀਗੜ੍ਹ, 20 ਮਾਰਚ
ਪੰਜਾਬ ਵਿੱਚ ਨਵੀਂ ਬਣੀ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਦੇ 10 ਮੰਤਰੀਆਂ ਨੂੰ ਅੱਜ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਅਹੁਦੇ ਦਾ ਭੇਤ ਗੁਪਤ ਰੱਖਣ ਦੀ ਸਹੁੰ ਚੁਕਵਾਈ। ਸਾਰੇ ਵਿਧਾਇਕਾਂ ਨੇ ਪੰਜਾਬੀ ਭਾਸ਼ਾ ਵਿੱਚ ਸਹੁੰ ਚੁੱਕੀ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਵੀ ਹਾਜ਼ਰ ਸਨ। ਇੱਥੇ ਇਹ ਦੱਸਣਾ ਬਣਦਾ ਹੈ ਕਿ ਹਰਿਆਣਾ ਦੇ ਰਾਜਪਾਲ ਪਹਿਲੀ ਵਾਰ ਇਸ ਸਮਾਗਮ ’ਚ ਸ਼ਾਮਲ ਹੋਏ ਹਨ। ਇਨ੍ਹਾਂ ਦਸ ਮੰਤਰੀਆਂ ਵਿੱਚ 2 ਦੂਜੀ ਵਾਰ ਚੁਣੇ ਗਏ ਜਦਕਿ ਅੱਠ ਨਵੇਂ ਵਿਧਾਇਕ ਸ਼ਾਮਲ ਹਨ।

ਚੰਡੀਗੜ੍ਹ ਸਥਿਤ ਰਾਜ ਭਵਨ ’ਚ ਨਵੇਂ ਬਣਾਏ ਗਏ ਗੁਰੂ ਨਾਨਕ ਆਡੀਟੋਰੀਅਮ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਸਭ ਤੋਂ ਪਹਿਲਾਂ ਪਿਛਲੀ ਸਰਕਾਰ ਸਮੇਂ ਵਿਰੋਧੀ ਧਿਰ ਦੇ ਆਗੂ ਰਹੇ ਤੇ ਵਿਧਾਨ ਸਭਾ ਹਲਕਾ ਦਿੜ੍ਹਬਾ ਤੋਂ ਵਿਧਾਇਕ ਹਰਪਾਲ ਸਿੰਘ ਚੀਮਾ ਨੇ ਸਹੁੰ ਚੁੱਕੀ ਹੈ। ਉਨ੍ਹਾਂ ਤੋਂ ਬਾਅਦ ਮਲੋਟ ਤੋਂ ਵਿਧਾਇਕ ਡਾ. ਬਲਜੀਤ ਕੌਰ, ਜੰਡਿਆਲਾ ਤੋਂ ਹਰਭਜਨ ਸਿੰਘ ਈਟੀਓ, ਮਾਨਸਾ ਤੋਂ ਡਾ. ਵਿਜੈ ਸਿੰਗਲਾ, ਭੋਆ ਤੋਂ ਲਾਲ ਚੰਦ, ਬਰਨਾਲਾ ਤੋਂ ਗੁਰਮੀਤ ਸਿੰਘ ਮੀਤ ਹੇਅਰ, ਅਜਨਾਲਾ ਤੋਂ ਕੁਲਦੀਪ ਸਿੰਘ ਧਾਲੀਵਾਲ, ਪੱਟੀ ਤੋਂ ਲਾਲਜੀਤ ਸਿੰਘ ਭੁੱਲਰ, ਹੁਸ਼ਿਆਰਪੁਰ ਤੋਂ ਬ੍ਰਹਮ ਸ਼ੰਕਰ ਜਿੰਪਾ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਵਿਧਾਇਕ ਹਰਜੋਤ ਸਿੰਘ ਬੈਂਸ ਨੇ ਸਹੁੰ ਚੁੱਕੀ। ਇਨ੍ਹਾਂ ਨੂੰ ਅਜੇ ਵਿਭਾਗਾਂ ਦੀ ਵੰਡ ਨਹੀਂ ਕੀਤੀ ਗਈ ਹੈ। ਪੰਜਾਬ ਕੈਬਨਿਟ ਲਈ ਚੁਣੇ ਗਏ 10 ਮੰਤਰੀਆਂ ’ਚੋਂ 5 ਮਾਲਵਾ, 4 ਮਾਝਾ ਅਤੇ ਇਕ ਦੁਆਬਾ ਖੇਤਰ ਨਾਲ ਸਬੰਧਤ ਹੈ। ਜ਼ਿਕਰਯੋਗ ਹੈ ਕਿ ‘ਆਪ’ ਦੇ ਮੰਤਰੀ ਮੰਡਲ ’ਚ 7 ਹੋਰ ਮੰਤਰੀ ਸ਼ਾਮਲ ਕੀਤੇ ਜਾ ਸਕਦੇ ਹਨ। ਇਸ ਸਮਾਗਮ ’ਚ ਪੰਜਾਬ ਵਿਧਾਨ ਸਭਾ ਦੇ ਪ੍ਰੋਟੈੱਮ ਸਪੀਕਰ ਡਾ. ਇੰਦਰਬੀਰ ਸਿੰਘ ਨਿੱਝਰ ਤੋਂ ਇਲਾਵਾ ਨਵੇਂ ਚੁਣੇ ‘ਆਪ’ ਵਿਧਾਇਕ, ਪੰਜਾਬ ਭਰ ਤੋਂ ‘ਆਪ’ ਦੇ ਸੀਨੀਅਰ ਆਗੂ, ਵਰਕਰ, ਵਾਲੰਟੀਅਰ, ਭਗਵੰਤ ਮਾਨ ਦੀ ਧੀ ਸੀਰਤ ਕੌਰ ਤੇ ਪੁੱਤਰ ਦਿਲਸ਼ਾਨ ਸਿੰਘ ਮਾਨ ਤੇ ਲਗਭਗ ਸਾਰੇ ਹੀ ਮੰਤਰੀਆਂ ਪਰਿਵਾਰਕ ਮੈਂਬਰ ਹਾਜ਼ਰ ਸਨ।