ਚੰਡੀਗੜ੍ਹ, 28 ਸਤੰਬਰ
ਸਕੂਲ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਦੇ ਕਰੀਬ 23 ਹਜ਼ਾਰ ਬੱਚਿਆਂ ਨੂੰ ਵਜ਼ੀਫ਼ੇ ਦਾ ਦੁੱਗਣਾ-ਤਿੱਗਣਾ ਗੱਫਾ ਦਿੱਤਾ ਹੈ। ਜਦੋਂ ਇਨ੍ਹਾਂ ਬੱਚਿਆਂ ਦੇ ਬੈਂਕ ਖਾਤਿਆਂ ਵਿਚ ਨਿਰਧਾਰਿਤ ਨਾਲੋਂ ਦੁੱਗਣੀ-ਤਿੱਗਣੀ ਵਜ਼ੀਫ਼ਾ ਰਾਸ਼ੀ ਚਲੀ ਗਈ ਤਾਂ ਮਗਰੋਂ ਮਹਿਕਮੇ ਦੀ ਜਾਗ ਖੁੱਲ੍ਹੀ ਹੈ। ਇਹ ਮਾਮਲਾ ਵਿਭਾਗ ਦੇ ਧਿਆਨ ਵਿਚ ਆਇਆ ਤਾਂ ਸਿੱਖਿਆ ਵਿਭਾਗ ਦੇ ਅਫ਼ਸਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਸਿੱਖਿਆ ਵਿਭਾਗ ਨੇ ਹੁਣ ਵਜ਼ੀਫ਼ਾ ਰਾਸ਼ੀ ਦੀ ਵਾਧੂ ਅਦਾਇਗੀ ਦੀ ਰਿਕਵਰੀ ਦੇ ਹੁਕਮ ਜਾਰੀ ਕੀਤੇ ਹਨ।
ਵੇਰਵਿਆਂ ਅਨੁਸਾਰ ਸਿੱਖਿਆ ਵਿਭਾਗ ਨੇ ਸਾਲ 2022-23 ਦੌਰਾਨ ‘ਪ੍ਰੀ ਮੈਟ੍ਰਿਕ ਸਕਾਲਰਸ਼ਿਪ ਫ਼ਾਰ ਐੱਸਸੀ ਐਂਡ ਅਦਰਜ਼ ਸਕੀਮ’ ਤਹਿਤ ਵਜ਼ੀਫ਼ਾ ਰਾਸ਼ੀ ਦੀ ਅਦਾਇਗੀ ਕੀਤੀ ਸੀ। ਸਿੱਖਿਆ ਵਿਭਾਗ ਵੱਲੋਂ ‘ਪਬਲਿਕ ਫਾਇਨਾਂਸ਼ੀਅਲ ਮੈਨੇਜਮੈਂਟ ਸਿਸਟਮ’ ਜ਼ਰੀਏ ਲਾਭਪਾਤਰੀ ਬੱਚਿਆਂ ਨੂੰ ਇਹ ਅਦਾਇਗੀ ਕੀਤੀ ਜਾਂਦੀ ਹੈ। ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਜ਼ੀਫ਼ਾ ਰਾਸ਼ੀ ਵਿਚ ਕੋਈ ਮੈਨੁਅਲ ਪ੍ਰਕਿਰਿਆ ਨਹੀਂ ਹੁੰਦੀ ਹੈ। ਕਾਂਗਰਸ ਸਰਕਾਰ ਸਮੇਂ ਹੋਏ ਵਜ਼ੀਫ਼ਾ ਘੁਟਾਲੇ ਕਰਕੇ ਮੌਜੂਦਾ ਸਰਕਾਰ ਫ਼ੂਕ ਫ਼ੂਕ ਕੇ ਕਦਮ ਰੱਖਦੀ ਜਾਪਦੀ ਹੈ। ਬੇਸ਼ੱਕ ਇਹ ਤਕਨੀਕੀ ਗ਼ਲਤੀ ਦੱਸੀ ਜਾ ਰਹੀ ਹੈ, ਪਰ ਇਸ ਨੂੰ ਲੈ ਕੇ ਮਹਿਕਮੇ ’ਤੇ ਸ਼ੱਕ ਦੀ ਉਂਗਲ ਉੱਠਣੀ ਸੁਭਾਵਿਕ ਹੈ। ਡਾਇਰੈਕਟਰ ਜਨਰਲ ਸਕੂਲ ਸਿੱਖਿਆ ਦੇ ਦਫ਼ਤਰ ਨੇ ਹੁਣ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਪੱਤਰ ਜਾਰੀ ਕਰ ਦਿੱਤਾ ਹੈ ਕਿ ਵਜ਼ੀਫ਼ਾ ਰਾਸ਼ੀ ਦੀ ਅਦਾਇਗੀ ਕਰਦੇ ਸਮੇਂ ‘ਪਬਲਿਕ ਫਾਇਨਾਂਸ਼ੀਅਲ ਮੈਨੇਜਮੈਂਟ ਸਿਸਟਮ’ ਵਿਚ ਤਕਨੀਕੀ ਗੜਬੜ ਹੋਣ ਕਰਕੇ 23 ਹਜ਼ਾਰ ਯੋਗ ਲਾਭਪਾਤਰੀਆਂ ਨੂੰ ਦੁੱਗਣੀ ਅਤੇ 694 ਲਾਭਪਾਤਰੀ ਬੱਚਿਆਂ ਦੇ ਖਾਤਿਆਂ ਵਿਚ ਤਿੱਗਣੀ ਵਜ਼ੀਫ਼ਾ ਰਾਸ਼ੀ ਟਰਾਂਸਫ਼ਰ ਹੋ ਗਈ ਹੈ।
ਪੱਤਰ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਸਕੂਲ ਮੁਖੀਆਂ ਤੋਂ ਦੁੱਗਣੀ ਅਤੇ ਤਿੱਗਣੀ ਰਾਸ਼ੀ ਵਾਲੇ ਖਾਤਿਆਂ ’ਚੋਂ ਰਿਕਵਰੀ ਕਰਵਾਈ ਜਾਵੇ ਅਤੇ ਇਹ ਰਿਕਵਰ ਕੀਤਾ ਪੈਸਾ ਐੱਸ.ਐੱਨ.ਏ ਖਾਤੇ ਵਿਚ ਜਮ੍ਹਾਂ ਕਰਾਇਆ ਜਾਵੇ। ਰਿਕਵਰੀ ਦਾ ਅਮਲ 20 ਅਕਤੂਬਰ ਤੱਕ ਮੁਕੰਮਲ ਕਰਨ ਲਈ ਕਿਹਾ ਗਿਆ ਹੈ। ਸਕੂਲ ਮੁਖੀਆਂ ਨੂੰ ਰਿਕਵਰ ਕੀਤੀ ਰਾਸ਼ੀ ਯਕਮੁਸ਼ਤ ਇਕੱਠੀ ਜਮ੍ਹਾਂ ਕਰਾਉਣ ਵਾਸਤੇ ਹੁਕਮ ਕੀਤੇ ਗਏ ਹਨ। ਡੈਮੋਕਰੈਟਿਕ ਟੀਚਰਜ਼ ਫ਼ਰੰਟ ਦੇ ਸੀਨੀਅਰ ਆਗੂ ਰੇਸ਼ਮ ਸਿੰਘ ਬਠਿੰਡਾ ਨੇ ਕਿਹਾ ਕਿ ਵਜ਼ੀਫ਼ੇ ਦੀ ਸਿੱਧੀ ਅਦਾਇਗੀ ਹੋਣ ਕਰਕੇ ਬੱਚਿਆਂ ਨੂੰ ਮੁਸ਼ਕਲਾਂ ਆ ਰਹੀਆਂ ਹਨ। ਬਹੁਤੇ ਬੱਚਿਆਂ ਨੂੰ ਖਾਤੇ ਆਦਿ ਬੰਦ ਹੋਣ ਕਰਕੇ ਅਦਾਇਗੀ ਨਹੀਂ ਹੁੰਦੀ ਹੈ। ਉਨ੍ਹਾਂ ਕਿਹਾ ਕਿ ਹੁਣ ਜੋ ਰਿਕਵਰੀ ਦੇ ਹੁਕਮ ਹੋਏ ਹਨ, ਉਨ੍ਹਾਂ ਨਾਲ ਕਈ ਮੁਸ਼ਕਲਾਂ ਖੜ੍ਹੀਆਂ ਹੋਣਗੀਆਂ। ਜਨਿ੍ਹਾਂ ਗ਼ਰੀਬ ਮਾਪਿਆਂ ਨੇ ਪੈਸੇ ਖ਼ਰਚ ਲਏ ਹਨ, ਉਨ੍ਹਾਂ ਨੂੰ ਮੁੜ ਰਾਸ਼ੀ ਦੇਣੀ ਸੌਖੀ ਨਹੀਂ ਹੋਵੇਗੀ। ਉਧਰ ਸਿੱਖਿਆ ਵਿਭਾਗ ਵੱਲੋਂ ਸਬੰਧਤ ਬੱਚਿਆਂ ਨੂੰ ਮੋਬਾਈਲਾਂ ’ਤੇ ਸੁਨੇਹੇ ਵੀ ਭੇਜੇ ਜਾ ਰਹੇ ਹਨ। ਵਿਭਾਗ ਵੱਲੋਂ ਪ੍ਰਤੀ ਵਿਦਿਆਰਥੀ ਸਟੇਟ ਸ਼ੇਅਰ ਵਜੋਂ 1400 ਰੁਪਏ ਅਤੇ ਕੇਂਦਰੀ ਸ਼ੇਅਰ ਵਜੋਂ 2100 ਰੁਪਏ ਦੀ ਅਦਾਇਗੀ ਕੀਤੀ ਜਾਣੀ ਸੀ। ਹੁਣ ਜਨਿ੍ਹਾਂ ਖਾਤਿਆਂ ਵਿਚ ਇਸ ਤੋਂ ਇਲਾਵਾ 1400 ਰੁਪਏ ਜਾਂ ਫਿਰ 2800 ਰੁਪਏ ਦੀ ਵਾਧੂ ਐਂਟਰੀ ਬੱਚਿਆਂ ਦੇ ਬੈਂਕ ਖਾਤਿਆਂ ਵਿਚ ਗਈ ਹੈ ਤਾਂ ਉਨ੍ਹਾਂ ਤੋਂ ਰਿਕਵਰੀ ਕੀਤੀ ਜਾਣੀ ਹੈ।