ਚੰਡੀਗੜ੍ਹ, 11 ਅਗਸਤ

ਪੰਜਾਬ ’ਚ ਹੜ੍ਹਾਂ ਕਾਰਨ ਕਰੀਬ ਸਵਾ ਛੇ ਲੱਖ ਏਕੜ ਫ਼ਸਲ ਤਬਾਹ ਹੋਈ ਹੈ। ਇਸ ਦੌਰਾਨ 54 ਜਣਿਆਂ ਦੀ ਜਾਨ ਚਲੀ ਗਈ ਅਤੇ 27 ਹਜ਼ਾਰ ਪਸ਼ੂ ਵੀ ਮਰ ਗਏ। ਪੰਜਾਬ ਸਰਕਾਰ ਵੱਲੋਂ ਅੱਜ ਕੇਂਦਰੀ ਅੰਤਰ ਮੰਤਰਾਲਾ ਟੀਮ ਕੋਲ ਪੇਸ਼ ਰਿਪੋਰਟ ’ਚ ਇਹ ਤੱਥ ਸਾਹਮਣੇ ਆਏ ਹਨ। ਬੇਸ਼ੱਕ ਫ਼ਸਲਾਂ ਦੀ ਗਿਰਦਾਵਰੀ ਮੁਕੰਮਲ ਹੋਣੀ ਬਾਕੀ ਹੈ ਪ੍ਰੰਤੂ ਇਹ ਤਸਵੀਰ ਉੱਭਰੀ ਹੈ ਕਿ 6.25 ਲੱਖ ਏਕੜ ਰਕਬੇ ਦਾ ਫ਼ਸਲੀ ਨੁਕਸਾਨ ਹੋਇਆ ਹੈ ਜਦਕਿ ਹੁਣ ਤੱਕ ਫ਼ਸਲੀ ਨੁਕਸਾਨ ਸਿਰਫ਼ 2.59 ਲੱਖ ਏਕੜ ਹੀ ਦੱਸਿਆ ਜਾ ਰਿਹਾ ਸੀ।

ਪੰਜਾਬ ਸਰਕਾਰ ਨੇ ਫ਼ਸਲੀ ਨੁਕਸਾਨ ਦੀ ਭਰਪਾਈ ਲਈ 605 ਕਰੋੜ ਰੁਪਏ ਦਾ ਅਨੁਮਾਨ ਲਾਇਆ ਹੈ। ਕੇਂਦਰ ਸਰਕਾਰ ਵੱਲੋਂ ਨਿਯਮਾਂ ਵਿਚ ਢਿੱਲ ਦਿੱਤੀ ਜਾਂਦੀ ਹੈ ਤਾਂ ਕਿਸਾਨਾਂ ਨੂੰ ਮੁੱਢਲੇ ਅਨੁਮਾਨਾਂ ਮੁਤਾਬਿਕ 1210 ਕਰੋੜ ਰੁਪਏ ਮੁਆਵਜ਼ੇ ਵਜੋਂ ਮਿਲਣਗੇ। ਸੂਬੇ ਵਿਚ ਝੋਨੇ ਦੀ ਫ਼ਸਲ ਜ਼ਿਆਦਾ ਪ੍ਰਭਾਵਿਤ ਹੋਈ ਹੈ ਅਤੇ ਕੰਢੀ ਖੇਤਰ ਵਿਚ ਮੱਕੀ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ। ਕੇਂਦਰੀ ਨਿਯਮਾਂ ਅਨੁਸਾਰ ਨੁਕਸਾਨੀ ਖੜ੍ਹੀ ਫ਼ਸਲ ਦਾ ਮੁਆਵਜ਼ਾ ਹੀ ਦਿੱਤਾ ਜਾ ਸਕਦਾ ਹੈ ਜਦੋਂ ਕਿ ਝੋਨੇ ਦੀ ਫ਼ਸਲ ਦੀ ਹਾਲੇ ਲੁਆਈ ਹੀ ਹੋਈ ਸੀ। ਕੇਂਦਰੀ ਨਿਯਮ ਮੁੱਢਲੇ ਪੜਾਅ ਦੇ ਪੌਦਿਆਂ ਨੂੰ ਫ਼ਸਲ ਨਹੀਂ ਮੰਨਦੇ ਹਨ।

ਰਿਪੋਰਟ ਅਨੁਸਾਰ ਸੂਬੇ ਵਿਚ ਕੁੱਲ 547 ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ ਜਦਕਿ 2645 ਮਕਾਨ ਅੱਧੇ ਡਿੱਗੇ ਹਨ। ਪੰਜਾਬ ਨੇ ਕੇਂਦਰ ਤੋਂ ਘਰਾਂ ਵਾਸਤੇ ਪ੍ਰਤੀ ਘਰ 2.40 ਲੱਖ ਰੁਪਏ ਦੀ ਮੰਗ ਕੀਤੀ ਹੈ। ਪੰਜਾਬ ਵਿਚ ਹੜ੍ਹਾਂ ਦੌਰਾਨ ਜੋ 54 ਮੌਤਾਂ ਹੋਈਆਂ ਹਨ, ਉਨ੍ਹਾਂ ਦੇ ਵਾਰਸਾਂ ਨੂੰ ਨਿਯਮਾਂ ਅਨੁਸਾਰ 4 ਲੱਖ ਰੁਪਏ ਦੀ ਵਿੱਤੀ ਮਦਦ ਮਿਲਣੀ ਹੈ ਜਦੋਂ ਕਿ ਨਿਯਮਾਂ ਵਿਚ ਛੋਟ ਮਿਲਣ ’ਤੇ ਅੱਠ ਲੱਖ ਰੁਪਏ ਦੀ ਸਹਾਇਤਾ ਮਿਲੇਗੀ। ਇਸੇ ਤਰ੍ਹਾਂ ਸੂਬੇ ਵਿਚ ਹੜ੍ਹਾਂ ਵਿਚ 27,640 ਪਸ਼ੂਆਂ ਦੀ ਮੌਤ ਹੋਈ ਹੈ ਜਿਨ੍ਹਾਂ ਦੇ ਮਾਲਕਾਂ ਨੂੰ ਵੀ ਮੁਆਵਜ਼ਾ ਰਾਸ਼ੀ ਆਫ਼ਤ ਰਾਹਤ ਫ਼ੰਡਾਂ ਵਿਚੋਂ ਮਿਲੇਗੀ।

ਹੜ੍ਹਾਂ ਕਾਰਨ ਬੁਨਿਆਦੀ ਢਾਂਚੇ ਦਾ ਵੱਡਾ ਨੁਕਸਾਨ ਹੋਇਆ ਹੈ। ਹੜ੍ਹਾਂ ਕਰਕੇ ਪੰਜਾਬ ਦੇ ਦਰਿਆਵਾਂ/ਚੋਆਂ ਅਤੇ ਨਹਿਰਾਂ ਵਿਚ ਕੁੱਲ 488 ਪਾੜ ਪਏ ਹਨ। ਇਨ੍ਹਾਂ ਵਿਚੋਂ 254 ਪਾੜ ਇਕੱਲੇ ਨਹਿਰਾਂ ਵਿਚ ਪਏ ਹਨ, ਇਨ੍ਹਾਂ ਲਈ 159 ਕਰੋੜ ਦੀ ਲੋੜ ਹੈ। ਪੰਜਾਬ ਵਿਚ ਸੜਕਾਂ ਦੀ ਮੁਰੰਮਤ ਪਹਿਲਾਂ ਹੀ ਕੇਂਦਰ ਵੱਲੋਂ ਦਿਹਾਤੀ ਵਿਕਾਸ ਫ਼ੰਡਾਂ ਨੂੰ ਰੋਕੇ ਜਾਣ ਕਰਕੇ ਲਟਕੀ ਹੋਈ ਹੈ ਪਰ ਹੜ੍ਹਾਂ ਨੇ ਸੜਕਾਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ। ਇਨ੍ਹਾਂ ਹੜ੍ਹਾਂ ਨਾਲ 2251 ਕਿੱਲੋਮੀਟਰ ਸੜਕਾਂ ਟੁੱਟੀਆਂ ਹਨ ਜਿਨ੍ਹਾਂ ਵਿਚੋਂ 1733 ਕਿੱਲੋਮੀਟਰ ਲਿੰਕ ਸੜਕਾਂ ਹਨ। ਸੜਕਾਂ ਟੁੱਟਣ ਕਰਕੇ ਰਾਹਗੀਰਾਂ ਨੂੰ ਵੱਡੀ ਮੁਸ਼ਕਲ ਬਣੀ ਹੋਈ ਹੈ।

ਹੜ੍ਹਾਂ ਕਾਰਨ ਸਰਕਾਰੀ ਸਕੂਲਾਂ ਨੂੰ ਵੀ ਮਾਰ ਪਈ ਹੈ। ਸਮੁੱਚੇ ਪੰਜਾਬ ਵਿਚ ਕੁੱਲ 1097 ਸਰਕਾਰੀ ਸਕੂਲ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਹਨ। ਰੂਪਨਗਰ ਜ਼ਿਲ੍ਹੇ ਵਿਚ ਸਭ ਤੋਂ ਜ਼ਿਆਦਾ 277 ਸਕੂਲ ਪ੍ਰਭਾਵਿਤ ਹੋਏ ਹਨ ਜਦੋਂ ਕਿ ਅੰਮ੍ਰਿਤਸਰ ਜ਼ਿਲ੍ਹੇ ਵਿਚ 187 ਸਕੂਲ ਅਤੇ ਮੁਹਾਲੀ ਜ਼ਿਲ੍ਹੇ ਵਿਚ 163 ਸਕੂਲਾਂ ਨੂੰ ਮੀਹਾਂ ਨੇ ਮਾਰ ਮਾਰੀ ਹੈ। ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਸਭ ਤੋਂ ਵੱਧ ਮਾਰ ਝੱਲਣੀ ਪਈ ਹੈ। 668 ਪ੍ਰਾਇਮਰੀ ਸਕੂਲ, 185 ਮਿਡਲ ਸਕੂਲ, 132 ਹਾਈ ਸਕੂਲ ਅਤੇ 112 ਸੀਨੀਅਰ ਸੈਕੰਡਰੀ ਸਕੂਲਾਂ ਨੂੰ ਮੀਹਾਂ ਨੇ ਪ੍ਰਭਾਵਿਤ ਕੀਤਾ ਹੈ। ਇਸੇ ਦੌਰਾਨ ਹੜ੍ਹਾਂ ਨਾਲ ਕਰੀਬ ਅੱਠ ਜ਼ਿਲ੍ਹਿਆਂ ਵਿਚ 41 ਸਿਹਤ ਕੇਂਦਰ ਵੀ ਪ੍ਰਭਾਵਿਤ ਹੋਏ ਹਨ ਜਿਨ੍ਹਾਂ ਦੀ ਮੁਰੰਮਤ ਲਈ ਫ਼ੌਰੀ ਫ਼ੰਡਾਂ ਦੀ ਲੋੜ ਹੈ। ਇਸੇ ਤਰ੍ਹਾਂ ਹੀ ਪੇਂਡੂ ਜਲ ਘਰ ਵੀ ਹੜ੍ਹਾਂ ਦੀ ਮਾਰ ਹੇਠ ਆਏ ਹਨ। ਕੁੱਲ 580 ਜਲ ਘਰਾਂ ਵਿਚੋਂ ਸਭ ਤੋਂ ਵੱਧ ਪਟਿਆਲਾ ਜ਼ਿਲ੍ਹੇ ਦੇ 229 ਪੇਂਡੂ ਜਲ ਘਰ ਹਨ ਜੋ ਪਾਣੀ ਵਿਚ ਡੁੱਬੇ ਹਨ। ਦੂਸਰੇ ਨੰਬਰ ’ਤੇ ਰੂਪਨਗਰ ਜ਼ਿਲ੍ਹੇ ਦੇ 190 ਜਲ ਘਰ ਪ੍ਰਭਾਵਿਤ ਹੋਏ ਹਨ। ਪੰਜਾਬ ਸਰਕਾਰ ਦੀ ਪ੍ਰਮੁੱਖਤਾ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਹੈ ਅਤੇ ਜਾਨੀ ਨੁਕਸਾਨ ਤੋਂ ਇਲਾਵਾ ਪ੍ਰਭਾਵਿਤ ਘਰਾਂ ਦੀ ਪੂਰਤੀ ਕਰਨਾ ਹੈ। ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਆਖ ਚੁੱਕੇ ਹਨ ਕਿ ਮੁਰਗ਼ੀ ਤੇ ਬੱਕਰੀ ਤੱਕ ਦਾ ਮੁਆਵਜ਼ਾ ਦਿੱਤਾ ਜਾਵੇਗਾ। ਚੇਤੇ ਰਹੇ ਕਿ ਕੌਮੀ ਆਫ਼ਤ ਰਾਹਤ ਫ਼ੰਡਾਂ ਵਿਚ 75 ਫ਼ੀਸਦੀ ਹਿੱਸੇਦਾਰੀ ਕੇਂਦਰ ਦੀ ਹੁੰਦੀ ਹੈ ਜਦੋਂ ਕਿ 25 ਫ਼ੀਸਦੀ ਹਿੱਸੇਦਾਰੀ ਸੂਬਾ ਸਰਕਾਰ ਪਾਉਂਦੀ ਹੈ।