ਚੰਡੀਗੜ੍ਹ, 4 ਨਵੰਬਰ

ਪੰਜਾਬ ਦੀਆਂ ਪ੍ਰਦਰਸ਼ਨ ਕਰ ਰਹੀਆਂ 30 ਕਿਸਾਨ ਯੂਨੀਅਨਾਂ ਨੇ ਕਿਸੇ ਦਬਾਅ ਹੇਠ ਆਉਣ ਤੋਂ ਇਨਕਾਰ ਕਰਦਿਆਂ ਕੇਂਦਰ ਦੁਆਰਾ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਆਪਣਾ ਅੰਦੋਲਨ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਕਿਸਾਨ ਯੂਨੀਅਨਾਂ ਵੀਰਵਾਰ ਨੂੰ ‘ਚੱਕਾ ਜਾਮ’ ਰਾਹੀਂ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨ ਲਈ ਤਿਆਰ ਹਨ। ਕਿਸਾਨ ਜਿਨ੍ਹਾਂ ਨੂੰ ਆਲ ਇੰਡੀਆ ਕਿਸਾਨ ਸੰਘਰਸ਼ ਕਮੇਟੀ ਨਾਲ ਸਬੰਧਤ 200 ਹੋਰ ਯੂਨੀਅਨਾਂ ਦਾ ਸਮਰਥਨ ਪ੍ਰਾਪਤ ਹੈ, ਦੁਪਹਿਰੇ 12 ਤੋਂ ਸ਼ਾਮ 4 ਵਜੇ ਤੱਕ ਸਾਰੇ ਕੌਮੀ ਸ਼ਾਹਰਾਹਾਂ ’ਤੇ ਜਾਮ ਲਗਾਉਣਗੇ। ਪੰਜਾਬ ਵਿਚ ਸਾਰੇ ਰਾਜ ਮਾਰਗਾਂ ਅਤੇ ਕੌਮੀ ਸ਼ਾਹਰਾਹਾਂ ’ਤੇ ਜਾਮ ਲਾਇਆ ਜਾਵੇਗਾ।

ਬੀ.ਕੇ.ਯੂ ਏਕਤਾ ਉਗਰਾਹਾਂ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੂੰ ਛੱਡ ਕੇ ਰਾਜ ਦੀਆਂ 30 ਕਿਸਾਨ ਯੂਨੀਅਨਾਂ ਦੀ ਅੱਜ ਹੋਈ ਮੀਟਿੰਗ ਵਿੱਚ 20 ਨਵੰਬਰ ਤੱਕ ਸੂਬੇ ਵਿਚੋਂ ਮਾਲ ਗੱਡੀਆਂ ਨੂੰ ਲੰਘਣ ਦੀ ਆਗਿਆ ਦੇਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਨੇ ਪਹਿਲਾਂ 4 ਨਵੰਬਰ ਤਕ ਮਾਲ ਗੱਡੀਆਂ ਲੰਘਣ ਦੀ ਇਜਾਜ਼ਤ ਦਿੱਤੀ ਸੀ। ਪਰ ਕੇਂਦਰੀ ਰੇਲ ਮੰਤਰਾਲੇ ਨੇ ਪੰਜਾਬ ਲਈ ਰੇਲਵੇ ਸੇਵਾ ਨੂੰ ਮੁਅੱਤਲ ਰੱਖਣ ਦਾ ਫੈਸਲਾ ਕੀਤਾ ਹੈ। ਬੀਕੇਯੂ ਡਕੌਂਦਾ ਦੇ ਜਨਰਲ ਸਕੱਤਰ ਜਗਮੋਹਨ ਸਿੰਘ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ, ਟੌਲ ਪਲਾਜ਼ਿਆਂ ਅਤੇ ਪੈਟਰੋਲ ਪੰਪਾਂ ਤੇ ਪ੍ਰਚੂਨ ਕਾਰੋਬਾਰਾਂ ਅਤੇ ਪੰਜਾਬ ਵਿੱਚ ਭਾਜਪਾ ਨੇਤਾਵਾਂ ਦੇ ਘਰਾਂ ਦਾ ਘਿਰਾਓ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ।

ਇਸ ਦੌਰਾਨ ਪੰਜਾਬ ਸਰਕਾਰ ਦੇ ਵਫ਼ਦ ਜਿਸ ਵਿੱਚ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਮੁੱਖ ਮੰਤਰੀ ਦੇ ਰਾਜਨੀਤਕ ਸਲਾਹਕਾਰ ਕੈਪਟਨ ਸੰਦੀਪ ਸੰਧੂ ਸ਼ਾਮਲ ਸਨ ਨੇ ਅੱਜ ਇਨ੍ਹਾਂ 30 ਯੂਨੀਅਨਾਂ ਦੇ ਨੁਮਾਇੰਦਿਆਂ ਅਤੇ ਬੀਕੇਯੂ ਏਕਤਾ ਉਗਰਾਹਾਂ ਦੇ ਨੁਮਾਇੰਦਿਆਂ ਨਾਲ ਵੱਖਰੇ ਤੌਰ ’ਤੇ ਮੁਲਾਕਾਤ ਕੀਤੀ। ਕੱਲ੍ਹ ਵਫ਼ਦ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ ਸੀ ਤੇ ਉਨ੍ਹਾਂ ਨੂੰ ਰੇਲ ਸੇਵਾ ਦੀ ਮੁਅੱਤਲੀ ਦਾ ਸੂਬੇ ਦੀ ਆਰਥਿਕਤਾ ਉੱਤੇ ਪੈਣ ਵਾਲੇ ਨਤੀਜਿਆਂ ਬਾਰੇ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ।