ਫਰੀਦਕੋਟ/ਪਟਿਆਲਾ, 26 ਅਕਤੂਬਰ
ਪੰਜਾਬ ਸਰਕਾਰ ਨੇ ਇਸ ਦੀਵਾਲੀ ’ਤੇ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਨੂੰ ਸਖ਼ਤੀ ਨਾਲ ਨਿਯਮਤ ਕਰਨ ਦਾ ਐਲਾਨ ਕੀਤਾ ਹੈ। ਸੂਬਾ ਸਰਕਾਰ ਵੱਲੋਂ ਪ੍ਰਦੂਸ਼ਣ ਦੇ ਪੱਧਰ ਨੂੰ ਹੇਠਾਂ ਲਿਆਉਣ ਲਈ ਸਿਰਫ ਪ੍ਰਦੂਸ਼ਣ ਰਹਿਤ ਪਟਾਕੇ ਚਲਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ। ਜਲੰਧਰ ਅਤੇ ਮੰਡੀ ਗੋਬਿੰਦਗੜ੍ਹ ’ਚ 28-29 ਅਕਤੂਬਰ ਦੀ ਦਰਮਿਆਨੀ ਰਾਤ ਤੋਂ 31 ਦਸੰਬਰ-1 ਜਨਵਰੀ ਦੀ ਦਰਮਿਆਨੀ ਰਾਤ ਤੱਕ ਹਰ ਤਰ੍ਹਾਂ ਦੇ ਪਟਾਕਿਆਂ ਦੀ ਵਿਕਰੀ ਅਤੇ ਵੰਡ ’ਤੇ ਪਾਬੰਦੀ ਲਾਈ ਗਈ ਹੈ।
ਇਨ੍ਹਾਂ ਤੋਂ ਇਲਾਵਾ ਸੂਬੇ ਵਿੱਚ ਪਟਾਕਿਆਂ ਦੀ ਵਰਤੋਂ ਕਰਨ ਲਈ ਨਿਸਚਿਤ ਸਮਾਂ ਦਿੱਤਾ ਗਿਆ ਹੈ। ਦੀਵਾਲੀ ਵਾਲੇ ਦਿਨ ਪਟਾਕੇ ਰਾਤ 8 ਤੋਂ 10 ਵਜੇ ਤੱਕ ਦੋ ਘੰਟਿਆਂ ਤੱਕ ਸੀਮਤ ਕੀਤੇ ਗਏ ਹਨ ਜਦਕਿ ਗੁਰਪੁਰਬ (19 ਨਵੰਬਰ) ਨੂੰ ਸਵੇਰੇ 4 ਤੋਂ 5 ਵਜੇ ਤੱਕ ਅਤੇ ਬਾਅਦ ਵਿੱਚ ਰਾਤ 9 ਤੋਂ ਰਾਤ 10 ਵਜੇ ਤੱਕ; ਕ੍ਰਿਸਮਸ ਅਤੇ ਨਵੇਂ ਸਾਲ ਦੀ ਰਾਤ ਨੂੰ 11.55 ਵਜੇ ਅਤੇ 12.30 ਵਜੇ ਵਿਚਕਾਰ ਪਟਾਖੇ ਚਲਾਏ ਜਾ ਸਕਣਗੇ। ਨਵੇਂ ਹੁਕਮਾਂ ਵਿੱਚ ਫਲਿੱਪਕਾਰਟ ਅਤੇ ਐਮਾਜ਼ਾਨ ਤੇ ਹੋਰ ਵੈੱਬਸਾਈਟਾਂ ਆਨਲਾਈਨ ਪਟਾਕੇ ਵੇਚ ਨਹੀਂ ਸਕਣਗੀਆਂ।