ਚੰਡੀਗੜ੍ਹ, 29 ਨਵੰਬਰ
ਪੰਜਾਬ ਵਿਧਾਨ ਸਭਾ ਨੇ ਅੱਜ ਮੈਂਬਰਾਂ ਦੀਆਂ ਤਨਖਾਹਾਂ ਤੇ ਭੱਤੇ ਸੋਧ ਬਿਲ ਅਤੇ ਭਾਰਤੀ ਅਸ਼ਟਾਮ (ਪੰਜਾਬ ਸੋਧਨਾ) ਬਿਲਾਂ ਨੂੰ ਪਾਸ ਕਰ ਦਿੱਤਾ। ਤਨਖਾਹਾਂ ਤੇ ਭੱਤਿਆਂ ’ਚ ਸੋਧ ਸਬੰਧੀ ਬਿਲ ਪਾਸ ਹੋਣ ਨਾਲ ਵਿਧਾਇਕਾਂ ਨੂੰ ਹਰ ਸਾਲ ਪਹਿਲੀ ਜਨਵਰੀ ਨੂੰ ਸੰਪਤੀ ਦਾ ਵੇਰਵਾ ਦੇਣਾ ਪਵੇਗਾ। ਇਸ ਬਿਲ ’ਤੇ ਹੋਈ ਬਹਿਸ ਵਿੱਚ ਹਿੱਸਾ ਲੈਂਦਿਆਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੰਵਰ ਸੰਧੂ ਨੇ ਕਿਹਾ ਕਿ ਹਿਤਾਂ ਦਾ ਟਕਰਾਅ ਬਿਲ ਵੀ ਜਲਦੀ ਲਿਆਉਣਾ ਚਾਹੀਦਾ ਹੈ ਤਾਂ ਜੋ ਕੋਈ ਵੀ ਪ੍ਰਭਾਵਸ਼ਾਲੀ ਵਿਅਕਤੀ ਆਪਣੇ ਅਹੁਦੇ ਦੀ ਵਰਤੋਂ ਆਪਣੇ ਵਪਾਰਕ ਹਿਤਾਂ ਲਈ ਨਾ ਕਰ ਸਕੇ। ਆਪ ਵਿਧਾਇਕ ਨੇ ਕਿਹਾ ਕਿ ਮੌਜੂਦਾ ਸਮੇਂ ਕਈ ਮੰਤਰੀਆਂ ਦੇ ਸ਼ਰਾਬ, ਮਾਈਨਿੰਗ ਅਤੇ ਹੋਰਨਾਂ ਕੰਮਾਂ ’ਚ ਰੁਚੀਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਹਿਤਾਂ ਦਾ ਟਕਰਾਅ ਬਾਰੇ ਕਾਨੂੰਨ ਲਿਆਂਦਾ ਜਾਵੇਗਾ। ਸ੍ਰੀ ਸੰਧੂ ਨੇ ਵਿਸਲ ਬਲੋਅਰ ਬਿਲ ਲਿਆਉਣ ਦੀ ਵੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਨਵਾਂ ਲੋਕਪਾਲ ਬਿਲ ਲਿਆਉਣ ਦਾ ਜੋ ਵਾਅਦਾ ਕੀਤਾ ਸੀ ਉਹ ਵੀ ਅਜੇ ਤਕ ਅਧੂਰਾ ਹੈ। ਇਸ ਦੇ ਨਾਲ ਹੀ ਸਦਨ ਨੇ ਭਾਰਤੀ ਅਸ਼ਟਾਮ (ਪੰਜਾਬ ਸੋਧਨਾ) ਬਿਲ ਵੀ ਪਾਸ ਕੀਤਾ। ਇਸ ਸਬੰਧੀ ਸਰਕਾਰ ਵੱਲੋਂ ਪਹਿਲਾਂ ਹੀ ਆਰਡੀਨੈਂਸ ਜਾਰੀ ਕੀਤਾ ਹੋਇਆ ਸੀ। ਇਹ ਬਿਲ ਸ਼ਹਿਰੀ ਖੇਤਰਾਂ ਵਿੱਚ ਸਟੈਂਪ ਡਿਊਟੀ ਘੱਟ ਕਰਨ ਨਾਲ ਸਬੰਧਤ ਹੈ। ਇਸ ਦੌਰਾਨ ਪੰਜਾਬ ਵਿਧਾਨ ਸਭਾ ਨੇ ਅੱਜ ਆਦਮਪੁਰ ਘਰੇਲੂ ਹਵਾਈ ਟਰਮੀਨਲ ਦਾ ਨਾਂ ਬਦਲਣ ਬਾਬਤ ਮਤਾ ਸਰਬਸੰਮਤੀ ਨਾਲ ਪਾਸ ਕਰਕੇ ਪੰਜਾਬ ਸਰਕਾਰ ਨੂੰ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨਾਲ ਤਾਲਮੇਲ ਕਰਨ ਸਬੰਧੀ ਪੂਰਨ ਅਧਿਕਾਰ ਦੇ ਦਿੱਤੇ। ਪਾਰਟੀ ਵਿਚਾਰ ਧਾਰਾ ਨੂੰ ਦਰਕਿਨਾਰ ਕਰਦਿਆਂ ਸਮੂਹ ਮੈਂਬਰਾਂ ਨੇ ਕਿਹਾ ਕਿ ਇਸ ਟਰਮੀਨਲ ਦਾ ਨਾਂ ਗੁਰੂ ਰਵੀਦਾਸ ਦੇ ਨਾਂ ’ਤੇ ਰੱਖਿਆ ਜਾਣਾ ਚਾਹੀਦਾ ਹੈ।