ਚੰਡੀਗੜ੍ਹ, 15 ਜੂਨ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ’ਚ ਕਰੋਨਾਵਾਇਰਸ ਦਾ ਅਸਰ ਘਟਣ ਦੇ ਮੱਦੇਨਜ਼ਰ ਅੱਜ ਕੋਵਿਡ ਬੰਦਿਸ਼ਾਂ ’ਚ ਹੋਰ ਢਿੱਲ ਦੇਣ ਦਾ ਐਲਾਨ ਕੀਤਾ ਹੈ। ਛੋਟਾਂ ਅਨੁਸਾਰ ਹੁਣ ਰਾਜ ’ਚ ਰੈਸਟੋਰੈਂਟ ਤੇ ਹੋਰ ਖਾਣੇ ਵਾਲੀਆਂ ਥਾਵਾਂ ਦੇ ਨਾਲ ਨਾਲ ਬੁੱਧਵਾਰ ਤੋਂ 50 ਫੀਸਦੀ ਸਮਰੱਥਾ ਨਾਲ ਸਿਨੇਮਾ ਤੇ ਜਿਮ ਖੋਲ੍ਹੇ ਜਾ ਸਕਣਗੇ। ਇਸੇ ਤਰ੍ਹਾਂ ਵਿਆਹ ਅਤੇ ਸਸਕਾਰ ਸਮੇਤ ਸਮਾਜਿਕ ਇਕੱਠਾਂ ’ਤੇ 50 ਤੱਕ ਵਿਅਕਤੀਆਂ ਦਾ ਇਕੱਠ ਕਰਨ ਦੀ ਆਗਿਆ ਦਿੱਤੀ ਗਈ ਹੈ। ਵਿਦਿਅਕ ਅਦਾਰੇ ਸਕੂਲ ਤੇ ਕਾਲਜ ਫ਼ਿਲਹਾਲ ਬੰਦ ਰਹਿਣਗੇ। ਮੁੱਖ ਮੰਤਰੀ ਨੇ ਉੱਚ ਪੱਧਰੀ ਵਰਚੁਅਲ ਕੋਵਿਡ ਸਮੀਖਿਆ ਮੀਟਿੰਗ ’ਚ ਕਿਹਾ ਕਿ ਨਵੀਆਂ ਹਦਾਇਤਾਂ 25 ਜੂਨ ਤੱਕ ਲਾਗੂ ਰਹਿਣਗੀਆਂ। ਨਵੀਆਂ ਛੋਟਾਂ ਅਨੁਸਾਰ ਪੰਜਾਬ ਵਿਚ ਰਾਤ ਦਾ ਕਰਫਿਊ ਰਾਤ ਅੱਠ ਵਜੇ ਤੋਂ ਸਵੇਰ ਦੇ ਪੰਜ ਵਜੇ ਤੱਕ ਅਤੇ ਵੀਕੈਂਡ ਕਰਫਿਊ ਸ਼ਨਿਚਰਵਾਰ ਨੂੰ ਰਾਤ ਅੱਠ ਵਜੇ ਤੋਂ ਸੋਮਵਾਰ ਸਵੇਰੇ ਪੰਜ ਵਜੇ ਤੱਕ ਲਾਗੂ ਰਹੇਗਾ ਜਦਕਿ ਛੋਟ ਵਾਲੀਆਂ ਗਤੀਵਿਧੀਆਂ ਸਮੇਤ ਜ਼ਰੂਰੀ ਵਸਤਾਂ ਦੀਆਂ ਗਤੀਵਿਧੀਆਂ ਨੂੰ ਕਰਫਿਊ ਬੰਦਿਸ਼ਾਂ ਤੋਂ ਛੋਟ ਰਹੇਗੀ। ਮੁੱਖ ਮੰਤਰੀ ਨੇ ਵੱਧ ਰਹੇ ਬ੍ਰਾਜ਼ੀਲ ਵਾਇਰਸ ਦੇ ਰੂਪ ’ਤੇ ਫ਼ਿਕਰਮੰਦੀ ਜ਼ਾਹਿਰ ਕਰਦਿਆਂ ਡਾ. ਗਗਨਦੀਪ ਕੰਗ ਦੀ ਅਗਵਾਈ ਵਾਲੇ ਮਾਹਿਰ ਸਮੂਹ ਨੂੰ ਕਰੋਨਾਵਾਇਰਸ ਦੇ ਨਵੇਂ ਰੂਪ ਦੇ ਸੰਦਰਭ ਵਿਚ ਵੈਕਸੀਨ ਦੇ ਅਸਰ ਦਾ ਅਧਿਐਨ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਹਨ।