ਚੰਡੀਗੜ੍ਹ, 30 ਸਤੰਬਰ

ਪੰਜਾਬ ਦੇ ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਅੱਜ ਭਾਰਤ-ਪਾਕਿਸਤਾਨ ਦੀ ਕੌਮਾਂਤਰੀ ਸਰਹੱਦ ਨਾਲ ਲੱਗਦੇ ਸਾਰੇ ਜ਼ਿਲ੍ਹਿਆਂ ਦੇ ਐੱਸਐੱਸਪੀਜ਼ ਨੂੰ ਸੁਰੱਖਿਆ ਤੇ ਨਿਗਰਾਨੀ ਵਧਾਉਣ ਦੀ ਹਦਾਇਤ ਕੀਤੀ ਹੈ। ਇਨ੍ਹਾਂ ਜ਼ਿਲ੍ਹਿਆਂ ਵਿਚ ਹਰ ਰੋਜ਼ ਰਾਤ ਨੂੰ ਨਾਈਟ ਡੌਮੀਨੇਸ਼ਨ ਆਪ੍ਰੇਸ਼ਨ ਸ਼ੁਰੂ ਕਰਨ ਦੇ ਹੁਕਮ ਵੀ ਦਿੱਤੇ ਗਏ ਹਨ। ਜਿਨ੍ਹਾਂ ਜ਼ਿਲ੍ਹਿਆਂ ਵਿਚ ਰਾਤ 9 ਵਜੇ ਤੋਂ ਸਵੇਰੇ 4 ਵਜੇ ਤੱਕ ਇਹ ਅਪ੍ਰੇਸ਼ਨ ਸ਼ੁਰੂ ਕਰਨ ਲਈ ਕਿਹਾ ਗਿਆ ਹੈ ਉਨ੍ਹਾਂ ਵਿਚ ਪਠਾਨਕੋਟ, ਗੁਰਦਾਸਪੁਰ, ਬਟਾਲਾ, ਤਰਨ ਤਾਰਨ, ਫਿਰੋਜ਼ਪੁਰ ਅਤੇ ਫਾਜ਼ਿਲਕਾ ਸ਼ਾਮਲ ਹਨ। ਡੀਜੀਪੀ ਨੇ ਐੱਸਐੱਸਪੀਜ਼ ਨੂੰ ਆਪੋ-ਆਪਣੇ ਜ਼ਿਲ੍ਹਿਆਂ ਨੂੰ ਸੈਕਟਰਾਂ ਵਿਚ ਵੰਡਣ ਅਤੇ ਹਰੇਕ ਸੈਕਟਰ ਲਈ ਇਕ ਗਜ਼ਟਿਡ ਅਧਿਕਾਰੀ ਨਿਯੁਕਤ ਕਰਨ ਦੇ ਹੁਕਮ ਦਿੱਤੇ ਹਨ। ਐੱਸਐੱਸਪੀ ਗਜ਼ਟਿਡ ਅਧਿਕਾਰੀਆਂ ਦਾ ਡਿਊਟੀ ਰੋਸਟਰ ਵੀ ਲਗਾਉਣਗੇ।