ਚੰਡੀਗੜ੍ਹ, 21 ਮਾਰਚ

ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਆਪਣੀ ਵਜ਼ਾਰਤ ਵਿੱਚ ਵਿਭਾਗਾਂ ਦੀ ਵੰਡ ਕਰ ਦਿੱਤੀ ਹੈ। ਉਨ੍ਹਾਂ ਨੇ ਗ੍ਰਹਿ ਵਿਭਾਗ ਆਪਣੇ ਕੋਲ ਰੱਖਿਆ ਹੈ, ਜਦੋਂਕਿ ਹਰਪਾਲ ਚੀਮਾ ਨੂੰ ਪੰਜਾਬ ਦਾ ਖ਼ਜ਼ਾਨਾ ਮੰਤਰੀ ਬਣਾਇਆ ਹੈ। ਚੀਮਾ ਨੂੰ ਮਾਲ ਵਿਭਾਗ ਦੀ ਜ਼ਿੰਮੇਵਾਰੀ ਵੀ ਦਿੱਤੀ ਗਈ ਹੈ। ਪਾਰਟੀ ਸੂਤਰਾਂ ਮੁਤਾਬਕ, ਮੁੱਖ ਮੰਤਰੀ ਮਾਨ ਨੇ ਗ੍ਰਹਿ ਵਿਭਾਗ ਤੋਂ ਇਲਾਵਾ ਵਿਜ਼ੀਲੈਂਸ ਤੇ ਪਰਸੋਨਲ ਵਿਭਾਗ ਵੀ ਆਪਣੇ ਕੋਲ ਰੱਖੇ ਹਨ। ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੂੰ ਸਿੱਖਿਆ ਮੰਤਰੀ ਅਤੇ ਡਾ. ਵਿਜੈ ਸਿੰਗਲਾ ਨੂੰ ਸਿਹਤ ਮੰਤਰੀ ਬਣਾਇਆ ਗਿਆ ਹੈ। ਭਗਵੰਤ ਮਾਨ ਦੀ ਵਜ਼ਾਰਤ ’ਚ ਇਕਲੌਤੀ ਮਹਿਲਾ ਮੰਤਰੀ ਡਾ. ਬਲਜੀਤ ਕੌਰ ਨੂੰ ਮਹਿਲਾ ਭਲਾਈ ਬਾਲ ਵਿਕਾਸ ਅਤੇ ਸਮਾਜਿਕ ਸੁਰੱਖਿਆ ਵਿਭਾਗ ਦਿੱਤੇ ਗਏ ਹਨ। ਹਰਭਜਨ ਸਿੰਘ ਨੂੰ ਬਿਜਲੀ ਵਿਭਾਗ, ਲਾਲ ਚੰਦ ਨੂੰ ਖੁਰਾਕ ਤੇ ਸਿਵਲ ਸਪਲਾਈ ਵਿਭਾਗ, ਕੁਲਦੀਪ ਸਿੰਘ ਧਾਲੀਵਾਲ ਨੂੰ ਦਿਹਾਤੀ ਵਿਕਾਸ ਤੇ ਪੰਚਾਇਤ ਵਿਭਾਗ, ਹਰਜੋਤ ਬੈਂਸ ਨੂੰ ਸੈਰ-ਸਪਾਟਾ ਤੇ ਕਾਨੂੰਨ ਵਿਭਾਗ, ਜਦੋਂਕਿ ਬ੍ਰਹਮ ਸ਼ੰਕਰ ਜਿੰਪਾ ਨੂੰ ਜਲ ਤੇ ਆਫਤ ਪ੍ਰਬੰਧ ਵਿਭਾਗ ਦਿੱਤੇ ਗਏ ਹਨ। ਲਾਲਜੀਤ ਸਿੰਘ ਭੁੱਲਰ ਨੂੰ ਟਰਾਂਸਪੋਰਟ ਮੰਤਰੀ ਬਣਾਇਆ ਗਿਆ ਹੈ।