ਜਲੰਧਰ, 28 ਜਨਵਰੀ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਪੰਜਾਬ ਵਿੱਚ ਚੋਣ ਮੁਹਿੰਮ ਦਾ ਰਸਮੀ ਆਗਾਜ਼ ਕਰਦਿਆਂ ਐਲਾਨ ਕੀਤਾ ਕਿ ਪਾਰਟੀ ਜਲਦੀ ਹੀ ਸੂਬੇ ਵਿਚ ਮੁੱਖ ਮੰਤਰੀ ਦੇ ਚਿਹਰੇ ਦਾ ਫੈਸਲਾ ਕਰੇਗੀ। ਉਨ੍ਹਾਂ ਕਿਹਾ ਕਿ ਪਾਰਟੀ ਆਪਣੇ ਵਰਕਰਾਂ ਦੀ ਰਾਇ ਜਾਨਣ ਤੋਂ ਬਾਅਦ ਮੁੱਖ ਮੰਤਰੀ ਦਾ ਚਿਹਰਾ ਐਲਾਨੇਗੀ। ਉਨ੍ਹਾਂ ਦਾਅਵਾ ਕੀਤਾ ਕਿ ਉਹ ਮਰ ਜਾਣਗੇ, ਪਰ ਕਾਂਗਰਸ ਪਾਰਟੀ ਨੂੰ ਟੁੱਟਣ ਨਹੀਂ ਦੇਣਗੇ। ਇਥੇ ਜਲੰਧਰ ਛਾਉਣੀ ਵਿਧਾਨ ਸਭਾ ਹਲਕੇ ਵਿਚ ‘ਪੰਜਾਬ ਫਤਿਹ ਵਰਚੁਅਲ ਰੈਲੀ’ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਜਦੋਂ ਉਹ ਗੱਡੀ ਵਿਚ ਆ ਰਹੇ ਸਨ ਤਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉਨ੍ਹਾਂ ਨਾਲ ਇਸ ਮਸਲੇ ਨੂੰ ਵਿਚਾਰਿਆ ਕਿ ਜਿਸ ਨੂੰ ਵੀ ਮੁੱਖ ਮੰਤਰੀ ਦਾ ਉਮੀਦਵਾਰ ਬਣਾਇਆ ਜਾਵੇਗਾ ਉਹ ਇਕਜੁੱਟਤਾ ਨਾਲ ਇਕ-ਦੂਜੇ ਦੇ ਨਾਲ ਖੜ੍ਹਨਗੇ। ਰਾਹੁਲ ਗਾਂਧੀ ਨੇ ਕਿਹਾ ਕਿ ਸਿੱਧੂ ਤੇ ਚੰਨੀ ਦੀ ਵੀ ਇਹ ਰਾਇ ਸੀ ਕਿ ਦੋ ਚਿਹਰੇ ਅਗਵਾਈ ਨਹੀਂ ਕਰ ਸਕਦੇ, ਇਕ ਆਗੂ ਦੇ ਨਾਂ ਦਾ ਐਲਾਨ ਕਰ ਦਿੱਤਾ ਜਾਵੇ ਤੇ ਦੂਜਾ ਆਗੂ ਉਸ ਦੀ ਪੂਰੀ ਤਰ੍ਹਾਂ ਡੱਟ ਕੇ ਹਮਾਇਤ ਕਰੇਗਾ। ਦੂਜੇ ਸਾਰੇ ਲੋਕ ਇਕ ਟੀਮ ਵਾਂਗ ਲੜਾਈ ਲੜਨਗੇ। ਰਾਹੁਲ ਗਾਂਧੀ ਨੇ ਪੰਜਾਬ ਚੋਣਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਚੋਣਾਂ ਪੰਜਾਬ ਦੇ ਭਵਿੱਖ ਦਾ ਸਵਾਲ ਹਨ ਕਿ ਪੰਜਾਬ ਕਿਸ ਦਿਸ਼ਾ ਵੱਲ ਤੇ ਕਿਵੇਂ ਅੱਗੇ ਵਧੇ। ਉਨ੍ਹਾਂ ਕਿਹਾ ਕਿ ਪੰਜਾਬ ਨੇ ਦੇਸ਼ ਨੂੰ ਡਾ. ਮਨਮੋਹਨ ਸਿੰਘ ਦੇ ਰੂਪ ਵਿਚ ਪ੍ਰਧਾਨ ਮੰਤਰੀ ਦਿੱਤਾ ਜਿਨ੍ਹਾਂ ਨੇ ਦਸ ਸਾਲਾਂ ਤੱਕ ਦੇਸ਼ ਦੇ ਲੋਕਾਂ ਦੀ ਸੇਵਾ ਕੀਤੀ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਹੋਰ ਵੀ ਕਈ ਪਾਰਟੀਆਂ ਹਨ ਜਿਹੜੀਆਂ ਤਾਕਤ ਦਾ ਕੇਂਦਰੀਕਰਨ ਕਰ ਰਹੀਆਂ ਹਨ। ਕੌਮੀ ਪੱਧਰ ’ਤੇ ਨਰਿੰਦਰ ਮੋਦੀ ਤਾਕਤਾਂ ਦਾ ਕੇਂਦਰੀਕਰਨ ਕਰ ਰਹੇ ਹਨ, ਜਿਸ ਨਾਲ ਦੇਸ਼ ਦਾ ਤੇ ਸੂਬਿਆਂ ਦਾ ਨੁਕਸਾਨ ਹੋ ਰਿਹਾ ਹੈ। ਖੇਤੀ ਬਿਲਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ, ਜਿਸ ਦੀ ਅਗਵਾਈ ਪੰਜਾਬ ਦੇ ਕਿਸਾਨਾਂ ਨੇ ਕੀਤੀ, ਵਿਚ ਮਿਲੀ ਸਫ਼ਲਤਾ ਲਈ ਕਿਸਾਨ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਇਸ ਸਮੇਂ ਸਭ ਤੋਂ ਵੱਡਾ ਮਸਲਾ ਬੇਰੁਜ਼ਗਾਰੀ ਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਪੰਜਾਬ ਵਿਚ ਤਾਕਤਾਂ ਦਾ ਵਿਕੇਂਦਰੀਕਰਨ ਕਰਨ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਮਾਈਨਿੰਗ, ਕੇਬਲ, ਟਰਾਂਸਪੋਰਟ ਤੇ ਸ਼ਰਾਬ ਤੋਂ ਹਜ਼ਾਰਾਂ ਕਰੋੜ ਰੁਪਏ ਆਉਂਦੇ ਹਨ, ਜੋ ਲੋਕਾਂ ਤੱਕ ਨਹੀਂ ਪਹੁੰਚਦੇ। ਉਨ੍ਹਾਂ ਕਿਹਾ ਕਿ ਲੋਕਾਂ ਦਾ ਇਹ ਪੈਸਾ ਉਹ ਲੋਕਾਂ ਦੇ ਹਵਾਲੇ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਵਿਚ ਖੇਤੀਬਾੜੀ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ‘ਸਰਕਾਰ ਆਪ ਕੇ ਦੁਆਰ’ ਪ੍ਰੋਗਰਾਮ ਰਾਹੀਂ ਲੋਕਾਂ ਨੂੰ 160 ਸੇਵਾਵਾਂ ਦਿੱਤੀਆਂ ਜਾਣਗੀਆਂ ਤਾਂ ਕਿ ਉਹ ਘਰ ਬੈਠੇ ਹੀ ਆਨਲਾਈਨ ਆਪਣੇ ਕੰਮ ਕਰਵਾ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ’ਚ ਪੰਚਾਇਤੀ ਰਾਜ ਨੂੰ ਮਜ਼ਬੂਤ ਕੀਤਾ ਜਾਵੇਗਾ। ਸਰਪੰਚਾਂ ਅਤੇ ਨਗਰ ਕੌਂਸਲਾਂ ਦੇ ਪ੍ਰਧਾਨਾਂ ਕੋਲ ਤਾਕਤ ਹੋਵੇਗੀ। ਇਸ ਮੌਕੇ ਸਿੱਖਿਆ ਮੰਤਰੀ ਪਰਗਟ ਸਿੰਘ, ਵਿਧਾਇਕ ਸੁਸ਼ੀਲ ਰਿੰਕੂ, ਰਜਿੰਦਰ ਬੇਰੀ, ਬਾਵਾ ਹੈਨਰੀ, ਚੌਧਰੀ ਸੰਤੋਖ ਸਿੰਘ, ਅਵਤਾਰ ਹੈਨਰੀ ਸੀਨੀਅਰ, ਹਰਦੇਵ ਸਿੰਘ ਸ਼ੇਰੋਵਾਲੀਆ, ਡਾ. ਨਵਜੋਤ ਸਿੰਘ ਦਾਹੀਆ ਅਤੇ ਹੋਰ ਆਗੂ ਹਾਜ਼ਰ ਸਨ।