ਚੰਡੀਗੜ੍ਹ/ ਨਵੀਂ ਦਿੱਲੀ, 14 ਅਕਤੂਬਰ- ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਹੈ ਕਿ ਪੰਜਾਬ ਰਾਸ਼ਟਰੀ ਇਲੈਕਟ੍ਰਾਨਿਕ ਟੌਲ ਇਕੱਤਰ (ਐਨ.ਈ.ਟੀ.ਸੀ) ਪ੍ਰੋਗਰਾਮ ਨੂੰ ਸੂਬੇ ਦੇ ਰਾਜ ਮਾਰਗਾਂ ‘ਤੇ ਲੱਗੇ ਟੌਲ ਪਲਾਜ਼ਿਆਂ ਉੱਪਰ ਲਾਗੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਇਸ ਵਿਵਸਥਾ ਨੂੰ ਕੇਂਦਰੀ ਸੜਕੀ ਆਵਾਜਾਈ ਮੰਤਰਾਲੇ ਵੱਲੋਂ ਨਿਰਧਾਰਿਤ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਮਲ ਵਿੱਚ ਲਿਆਂਦਾ ਜਾਵੇਗਾ। ਉਨ੍ਹਾਂ ਦੱਸਿਆ ਕਿ ਰੇਡੀਓ ਫਰੀਕੁਐੰਸੀ ਆਈਡੈਂਟੀਫਿਕੇਸ਼ਨ (ਆਰ.ਐਫ.ਆਈ.ਡੀ) ਤਕਨੀਕ ਜ਼ਰੀਏ ਲਾਗੂ ਹੋਣ ਵਾਲੀ ਇਸ ਵਿਵਸਥਾ ਦਾ ਮਕਸਦ ਆਵਾਜਾਈ ਨੂੰ ਹੋਰ ਸੁਚਾਰੂ ਬਣਾਉਣਾ ਹੈ।

ਸ੍ਰੀ ਸਿੰਗਲਾ, ਜਿਨ੍ਹਾਂ ਵੱਲੋਂ ਅੱਜ ਨਵੀਂ ਦਿੱਲੀ ਦੇ ਡਾ. ਅੰਬੇਦਕਰ ਅੰਤਰਰਾਸ਼ਟਰੀ ਕੇਂਦਰ ਵਿਖੇ ਕੇਂਦਰੀ ਸੜਕੀ ਆਵਾਜਾਈ ਅਤੇ ਹਾਈਵੇਜ ਬਾਰੇ ਕੇਂਦਰੀ ਮੰਤਰੀ ਸ੍ਰੀ ਨਿਤਿਨ ਗਡਕਰੀ ਦੀ ਪ੍ਰਧਾਨਗੀ ਹੇਠ ਵਨ-ਨੇਸ਼ਨ ਵਨ ਟੈਗ-ਫਾਸਟੈਗ ਵਿਸ਼ੇ ‘ਤੇ ਹੋਈ ਕਾਨਫਰੰਸ ਵਿੱਚ ਸ਼ਿਰਕਤ ਕੀਤੀ ਗਈ, ਨੇ ਕਿਹਾ ਕਿ ਇਸ ਪ੍ਰਾਜੈਕਟ ਦਾ ਮੁੱਖ ਮੰਤਵ ਇਲੈਕਟ੍ਰਾਨਿਕ ਵਿਧੀ ਜ਼ਰੀਏ ਟੌਲ ਫੀਸ ਇਕੱਤਰ ਕਰਨਾ ਹੈ ਜੋ ਕਿ ਆਰ.ਐਫ.ਆਈ.ਡੀ ਤਕਨੀਕ  ਨਾਲ ਸੰਭਵ ਹੋਵੇਗਾ ਜਿਸਦੇ ਨਤੀਜੇਵਸ ਵਾਹਨ ਟੌਲ ਪਲਾਜ਼ਿਆਂ ਰਾਹੀਂ ਬਿਨ੍ਹਾਂ ਦੇਰੀ ਸੁਚਾਰੂ ਢੰਗ ਨਾਲ ਲੰਘ ਸਕਣਗੇ।

ਸ੍ਰੀ ਸਿੰਗਲਾ ਨੇ ਕਿਹਾ ਕਿ ਇਸ ਤਕਨੀਕੀ ਅਮਲ ਨਾਲ ਲੋਕਾਂ ਨੂੰ ਹੁਣ ਬਿਨ੍ਹਾਂ ਦੇਰੀ ਅਤੇ ਸਮਾਂ ਗਵਾਏ ਟੌਲ ਪਲਾਜ਼ਿਆਂ ਰਾਹੀਂ ਆਪਣੇ ਵਾਹਨ ਕੱਢਣ ਵਿੱਚ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਿਭਾਗ ਦੇ ਸਬੰਧਤ ਅਧਿਕਾਰੀ ਪਹਿਲਾਂ ਹੀ ਲੋੜੀਂਦੇ ਤਕਨੀਕੀ ਯੰਤਰਾਂ ਨੂੰ ਲਗਾਉਣ ਸਬੰਧੀ ਤੇਜ਼ੀ ਨਾਲ ਕੰਮ ਕਰ ਰਹੇ ਹਨ ਤਾਂ ਜੋ ਇਸ ਨਵੀਂ ਵਿਵਸਥਾ ਨੂੰ ਅਮਲ ਵਿੱਚ ਲਿਆਂਦਾ ਜਾ ਸਕੇ।

ਜ਼ਿਕਰਯੋਗ ਹੈ ਕਿ ਰਾਸ਼ਟਰੀ ਇਲੈਕਟ੍ਰਾਨਿਕ ਟੌਲ ਕੁਲੈਕਸ਼ਨ (ਐਨ.ਈ.ਟੀ.ਸੀ) ਕੇਂਦਰ ਸਰਕਾਰ ਵੱਲੋਂ ਪੂਰੇ ਦੇਸ਼ ਅੰਦਰ ਲਾਗੂ ਕੀਤਾ ਜਾ ਰਿਹਾ ਹੈ। ਅੱਜ ਕਾਨਫਰੰਸ ਦੌਰਾਨ ਸ੍ਰੀ ਗਡਕਰੀ ਨੇ ਦੱਸਿਆ ਕਿ  ਰਾਸ਼ਟਰੀ ਮਾਰਗਾਂ ਉੱਪਰ ਲੱਗੇ ਟੌਲ ਪਲਾਜ਼ਿਆਂ ਉੱਪਰ ਫਾਸਟੈਗ ਜ਼ਰੀਏ ਟੌਲ ਫੀਸ ਦੀ ਕਟੌਤੀ ਲਈ 1 ਦਸੰਬਰ 2019 ਨਿਸ਼ਚਿਤ ਕੀਤੀ ਗਈ ਹੈ।

ਸ੍ਰੀ ਸਿੰਗਲਾ ਨੇ ਦੱਸਿਆ ਕਿ ਇਸ ਵਿਵਸਥਾ ਨੂੰ ਲਾਗੂ ਕਰਨ ਲਈ ਕੇਂਦਰੀ ਸੜਕ ਆਵਾਜਾਈ ਮੰਤਰਾਲੇ ਵੱਲੋਂ ਨਿਰਦੇਸ਼ 7 ਜਨਵਰੀ 2019 ਨੂੰ ਐਲਾਨੇ ਗਏ ਸਨ ਅਤੇ ਸੂਬਿਆਂ ਨੂੰ ਰਾਜ ਮਾਰਗਾਂ ਉੱਪਰ ਲੱਗੇ ਟੌਲ ਪਲਾਜ਼ਿਆਂ ਉੁੱਪਰ ਇਸ ਵਿਵਸਥਾ ਨੂੰ ਲਾਗੂ ਕਰਨ ਲਈ ਆਖਿਆ ਗਿਆ ਸੀ। ਸ੍ਰੀ ਸਿੰਗਲਾ ਨੇ ਕਿਹਾ ਕਿ ਆਵਾਜਾਈ ਨੂੰ ਹੋਰ ਬਿਹਤਰ ਤੇ ਰਵਾਂ ਬਣਾਉਣ ਵਾਲੀ ਇਸ ਵਿਵਸਥਾ ਨੂੰ ਲਾਗੂ ਕਰਨ ਲਈ ਪੰਜਾਬ ਪੂਰਾ ਸਹਿਯੋਗ ਦੇਵੇਗਾ। ਇਸ ਕਾਨਫਰੰਸ ਨੂੰ ਸੜਕੀ ਆਵਾਜਾਈ ਤੇ ਹਾਈਵੇਜ ਬਾਰੇ ਕੇਂਦਰੀ ਰਾਜ ਮੰਤਰੀ  ਜਨਰਲ ਵੀ.ਕੇ.ਸਿੰਘ ਵੱਲੋਂ ਵੀ ਸੰਬੋਧਨ ਕੀਤਾ ਗਿਆ।