ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟ ਕੌਂਸਲ ਦੇ ਪ੍ਰਧਾਨ ਅਨੁਰਾਗ ਦਲਾਲ ਨੇ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਨੂੰ ਪੱਤਰ ਲਿਖਿਆ ਹੈ, ਜਿਸ ਵਿਚ ਪੰਜਾਬ ਯੂਨੀਵਰਸਿਟੀ ਦਾ ਨਾਂ ਬਦਲ ਕੇ ਪੰਜਾਬ ਅਤੇ ਹਰਿਆਣਾ ਯੂਨੀਵਰਸਿਟੀ ਰੱਖਣ ਲਈ ਦੀ ਮੰਗ ਕੀਤੀ ਗਈ ਹੈ, ਜਿਸ ਮਗਰੋਂ ਵਿਦਿਆਰਥੀ ਜਥੇਬੰਦੀ ਸੱਥ ਇਸ ਦੇ ਵਿਰੋਧ ਵਿਚ ਉਤਰ ਆਈ ਹੈ।

ਜਥੇਬੰਦੀ ਸੱਥ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੇ ਨਾਂ ‘ਚੋਂ ਅੱਖਰ ਵੀ ਨਹੀਂ ਬਦਲਣ ਦਿੱਤਾ ਜਾਵੇਗਾ। ਪੰਜਾਬ ਯੂਨੀਵਰਸਿਟੀ ਦੇ ਨਾਮ ਢਾਂਚੇ ‘ਚ ਕੋਈ ਵੀ ਤਬਦੀਲੀ ਸਿੱਧਾ ਪੰਜਾਬ ਦੇ ਹਿੱਤਾਂ ‘ਤੇ ਹਮਲਾ ਹੈ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਯੂਨਿਵਰਸਿਟੀ ਵਿਚ ਜਥੇਬੰਦੀ ਸੱਥ ਹੈ ਤੁਸੀਂ ਯੂਨੀਵਰਸਿਟੀ ਦਾ ਨਾਂ ਬਦਲਣਾ ਤਾਂ ਛੱਡੋ ਅਸੀਂ ਜਿਹੜੇ ਪੰਜਾਬ ਦੇ ਬਚੇ ਹੋਏ ਹੱਕ ਰਹਿੰਦੇ ਹਨ ਉਹ ਵੀ ਲੈ ਕੇ ਦਿਖਾਵਾਂਗੇ। ਉਨ੍ਹਾਂ ਕਿਹਾ ਕਿ ਤੁਸੀਂ ਸਿਰਫ ਆਪਣੇ ਸਿਆਸੀ ਗੌਡਫਾਦਰਾਂ ਨੂੰ ਖੁਸ਼ ਕਰਨ ਲਈ ਅਜਿਹੀਆਂ ਕੋਝੀਆਂ ਸਾਜ਼ਿਸ਼ਾਂ ਨਾ ਕਰੋ ਅਸੀਂ ਕੋਈ ਵੀ ਅਜਿਹੀਆਂ ਚਾਲਾਂ ਨੂੰ ਕਾਮਯਾਬ ਨਹੀਂ ਹੋਣ ਦਿਆਂਗੇ।
ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਅਤੇ ਚੰਡੀਗੜ੍ਹ, ਦੋਵੇਂ ਹੀ ਪੰਜਾਬ ਦੇ ਹਨ, ਸੋ ਸਾਡਾ ਪੰਜਾਬ ਦੀ ਹਰ ਇੱਕ ਧਿਰ ਨੂੰ ਇਹ ਕਹਿਣਾ ਹੈ ਕਿ ਇਕੱਠੇ ਹੋ ਕੇ ਪੰਜਾਬ ਯੂਨੀਵਰਸਿਟੀ ਅਤੇ ਚੰਡੀਗੜ੍ਹ ਉੱਤੇ ਆਪਣਾ ਦਾਅਵਾ ਰੱਖਣਾ ਚਾਹੀਦਾ ਹੈ। ਦੂਜਾ ਅਸੀਂ ਕੇਂਦਰ ਪ੍ਰਸਤ ਪਾਰਟੀਆਂ ਦੇ ਝੋਲੀ ਚੁੱਕ ਬਣੇ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਛੋਟੇ-ਮੋਟੇ ਲਾਲਚ ਜਾਂ ਅਹੁਦੇਦਾਰੀਆਂ ਦੀ ਖਾਤਰ ਪੰਜਾਬ ਤੇ ਸਿੱਖ ਵਿਰੋਧੀ ਤਾਕਤਾਂ ਦੇ ਹੱਥ ਠੋਕੇ ਬਣੇ ਹੋਏ ਹੋ, ਤੁਹਾਨੂੰ ਤੁਹਾਡੇ ਸਿਰਾਂ ਤੇ ਪੈਰ ਰੱਖ ਕੇ ਬਣੇ ਪ੍ਰਧਾਨਾਂ ਵੱਲੋਂ ਕੀਤੇ ਜਾਂਦੀਆਂ ਪੰਜਾਬ ਵਿਰੋਧੀ ਹਰਕਤਾਂ ਤੋਂ ਸੋਝੀ ਹੋਣੀ ਚਾਹੀਦੀ ਹੈ ਕਿ ਤੁਹਾਨੂੰ ਸਿਰਫ ਇੱਕ ਸੰਦ ਵਾਂਗ ਤਾਕਤ ਹਾਸਿਲ ਕਰਨ ਲਈ ਵਰਤਿਆ ਜਾ ਰਿਹਾ। ਅਜਿਹੇ ਨੌਜਵਾਨਾਂ ਨੂੰ ਬੇਨਤੀ ਕਰਦੇ ਹਾਂ ਕਿ ਤੁਹਾਨੂੰ ਪੰਜਾਬ ਪੱਖੀ ਸਿਆਸਤ ਵੱਲ ਮੁੜਨਾ ਚਾਹੀਦਾ ਹੈ। ਪੰਜਾਬ ਯੂਨੀਵਰਸਿਟੀ ਦਾ ਖਾ ਕੇ ਪੰਜਾਬ ਦੇ ਹਿੱਤਾਂ ਵਿਰੁੱਧ ਭੁਗਣ ਵਾਲੇ ਹਰ ਇੱਕ ਅਨਸਰ ਨੂੰ ਅਸੀਂ ਚੁਣੌਤੀ ਦਿੰਦੇ ਹਾਂ ਕਿ ਪੰਜਾਬ ਦੇ ਹਿੱਤਾਂ ਦੇ ਉਲਟ ਪੰਜਾਬ ਯੂਨੀਵਰਸਿਟੀ ਵਿੱਚ ਅਜਿਹੀਆਂ ਹਰਕਤਾਂ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਕਲਚਰਲ ਤੇ ਇਤਿਹਾਸਕ ਪੱਖੋਂ ਪੰਜਾਬ ਨਾਲ ਸਬੰਧਤ ਹੈ। ਪੰਜਾਬ ਸਰਕਾਰ ਇਥੇ ਆਪਣੇ ਹਿੱਸੇ ਦੀ ਫੰਡਿੰਗ ਦਿੰਦੀ ਹੈ, ਜਦਕਿ ਹਰਿਆਣੇ ਦੀ ਸਰਕਾਰ ਕੋਈ ਫੰਡਿੰਗ ਨਹੀਂ ਦਿੰਦੀ। ਕਿਉਂਕਿ ਇਥੇ ਹਰਿਆਣੇ ਦੇ ਵਿਦਿਆਰਥੀ ਪੜ੍ਹਦੇ ਹਨ ਸਿਰਫ ਇਸ ਲਈ ਇਥੇ ਦਾ ਨਾਂ ਬਦਲਣਾ ਚਾਹੁੰਦੇ ਹੋ। ਅਸੀਂ ਸਾਰੇ ਸੂਬਿਆਂ ਦੇ ਵਿਦਿਆਰਥੀਆਂ ਦਾ ਸਵਾਗਤ ਕਰਦੇ ਹਾਂ ਪਰ ਇਸ ਨਾਲ ਕਿਸੇ ਵਿਸ਼ੇਸ਼ ਸੂਬੇ ਦਾ ਨਾਂ ਜੋੜ ਦਿੱਤਾ ਜਾਵੇ, ਇਹ ਅਸੀਂ ਨਹੀਂ ਹੋਣ ਦਿਆਂਗੇ। ਇਥੇ ਬਿਹਾਰ, ਹਿਮਾਚਲ ਦੇ ਵਿਦਿਆਰਥੀ ਵੀ ਪੜ੍ਹਦੇ ਹਨ ਤਾਂ ਕੀ ਅਸੀਂ ਉਨ੍ਹਾਂ ਦੇ ਸੂਬਿਆਂ ਦੇ ਨਾਂ ਜੋੜ ਦਿੱਤੇ ਜਾਣਗੇ।