ਮਾਨਸਾ 15 ਦਸੰਬਰ
ਪੱਕੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਪੰਜਾਬ ਭਰ ਵਿੱਚ ਪੀਆਰਟੀਸੀ, ਪੰਜਾਬ ਰੋਡਵੇਜ਼, ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਕੀਤੀ ਹੜਤਾਲ ਬੁੱਧਵਾਰ ਨੂੰ ਲਗਾਤਾਰ 9ਵੇਂ ਦਿਨ ਵੀ ਜਾਰੀ ਹੈ। ਇਸ ਕਾਰਨ ਰਾਜ ਭਰ ਵਿੱਚ ਸਖ਼ਤ ਸਰਦੀ ਦਾ ਮੌਸਮ ਦੌਰਾਨ ਸਵਾਰੀਆਂ ਸਫ਼ਰ ਕਰਨ ਲਈ ਪ੍ਰੇਸ਼ਾਨ ਹੋ ਰਹੀਆਂ ਹਨ। ਸਰਕਾਰ ਪ੍ਰਤੀ ਹੜਤਾਲੀ ਕਾਮਿਆਂ ਦਾ ਦਿਨੋ-ਦਿਨ ਗ਼ੁੱਸਾ ਵਧ ਰਿਹਾ ਹੈ। ਜਥੇਬੰਦੀ ਦੇ ਆਗੂ ਗਰਪ੍ਰੀਤ ਸਿੰਘ ਝੁਨੀਰ, ਸੰਦੀਪ ਸਿੰਘ ਗਰੇਵਾਲ, ਕੁਲਦੀਪ ਸਿੰਘ ਮੌੜ ਅਤੇ ਗੁਰਵਿੰਦਰ ਸਿੰਘ ਪਰਚੰਡਾ ਨੇ ਦੱਸਿਆ ਜਿਨ੍ਹਾਂ ਚਿਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਨ੍ਹਾਂ ਚਿਰ ਉਹ ਹੜਤਾਲ ਤੋਂ ਪਿੱਛੇ ਨਹੀਂ ਹਟਣਗੇ। ਉਨ੍ਹਾਂ ਕਿਹਾ ਕਿ ਅੱਜ ਜਥੇਬੰਦੀ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਅੱਗੇ ਧਰਨਾ ਲਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਖਰੜ ਧਰਨੇ ਉਪਰ ਕਾਇਮ ਰਹਿਣਗੇ, ਹਾਲਾਂਕਿ ਉਚ ਅਧਿਕਾਰੀਆਂ ਵਲੋਂ ਧਰਨਾ ਚੁੱਕਣ ਲਈ ਅਪੀਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ ਕੈਬਨਿਟ ਦੀ ਮੀਟਿੰਗ ਵਿੱਚ ਕੋਈ ਹੱਲ ਨਹੀਂ ਨਿਕਲਿਆ, ਫ਼ਿਰ ਹੀ ਉਹ ਅੱਕ ਥੱਕ ਕੇ ਮੁੱਖ ਮੰਤਰੀ ਦੇ ਘਰ ਅੱਗੇ ਧਰਨਾ ਲਾਉਣ ਲਈ ਬੈਠੇ ਹਨ।














