ਚੰਡੀਗੜ੍ਹ, 11 ਜੂਨ

ਪੰਜਾਬ ਪੁਲੀਸ ਨੇ ਵੀਰਵਾਰ ਰਾਤ ਨੂੰ ਅੰਮ੍ਰਿਤਸਰ-ਬਟਾਲਾ ਰੋਡ ’ਤੇ ਕੱਥੂਨੰਗਲ ਪਿੰਡ ਲਾਗੇ ਵਿਦੇਸ਼ੀ ਹੱਥਿਆਰਾਂ ਦਾ ਇਕ ਵੱਡਾ ਜ਼ਖੀਰਾ ਫੜਿਆ ਹੈ। ਪੁਲੀਸ ਨੇ ਇਸ ਮੌਕੇ ਇਕ ਹਥਿਆਰ ਤਸਕਰ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ, ਜਿਸ ਦੇ ਪਾਕਿਸਤਾਨ ਅਧਾਰਿਤ ਦਹਿਸ਼ਤੀ ਜਥੇਬੰਦੀਆਂ ਅਤੇ ਅਮਰੀਕਾ, ਕੈਨੇਡਾ ਤੇ ਯੂਕੇ ਅਧਾਰਿਤ ਖਾਲਿਸਤਾਨ ਪੱਖੀ ਅਨਸਰਾਂ ਨਾਲ ਸਬੰਧ ਦੱਸੇ ਜਾਂਦੇ ਹਨ। ਗ੍ਰਿਫ਼ਤਾਰ ਕੀਤਾ ਤਸਕਰ ਅਮਰੀਕਾ ਵਿੱਚ ਬੈਠੇ ਆਪਣੇ ਆਕਾਵਾਂ ਦੀਆਂ ਹਦਾਇਤਾਂ ’ਤੇ ਕੰਮ ਕਰ ਰਿਹਾ ਸੀ। ਡੀਜੀਪੀ ਦਿਨਕਰ ਗੁਪਤਾ ਨੇ ਕਾਬੂ ਕੀਤੇ ਹਥਿਆਰਾਂ ਬਾਰੇ ਤਫ਼ਸੀਲ ਦਿੰਦਿਆਂ ਕਿਹਾ ਕਿ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਦਹਿਸ਼ਤੀ ਸਰਗਰਮੀਆਂ ਨੂੰ ਅੰਜਾਮ ਦੇਣ ਦੇ ਇਰਾਦੇ ਨਾਲ ਇਹ ਹਥਿਆਰ ਲਿਆਂਦੇ ਗਏ ਸਨ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰੂਨੀ ਸੁਰੱਖਿਆ ਵਿੰਗ ਐੱਸਐੈੱਸਓਸੀ ਅੰਮ੍ਰਿਤਸਰ ਦੀ ਟੀਮ ਨੇ ਵੀਰਵਾਰ ਰਾਤ ਨੂੰ ਕੱਥੂਨੰਗਲ ਪਿੰਡ ਨੇੜਿਓਂ ਜਗਜੀਤ ਸਿੰਘ ਉਰਫ਼ ਜੱਗੂ (25) ਵਾਸੀ ਪੁਰੀਆਂ ਕਲਾਂ, ਬਟਾਲਾ ਨੂੰ ਗ੍ਰਿਫ਼ਤਾਰ ਕੀਤਾ ਹੈ।