ਅੰਮ੍ਰਿਤਸਰ, 11 ਮਈ
ਪੰਜਾਬ ਪੁਲੀਸ ਨੇ ਦਰਬਾਰ ਸਾਹਿਬ ਕੰਪਲੈਕਸ ਨੇੜੇ ਧਮਾਕਿਆਂ ਸਬੰਧੀ ਫੜੇ ਵਿਅਕਤੀਆਂ ਦੀ ਪਛਾਣ ਕਰ ਲਈ ਹੈ। ਇਨ੍ਹਾਂ ਮੁਲਜ਼ਮਾਂ ਵਿੱਚ ਬਾਬਾ ਬਕਾਲਾ ਦੇ ਪਿੰਡ ਵਡਾਲਾ ਕਲਾਂ ਦੇ ਆਜ਼ਾਦ ਵੀਰ ਸਿੰਘ, ਗੁਰਦਾਸਪੁਰ ਦੇ ਪਿੰਡ ਦੁਬੜੀ ਦਾ ਅਮਰੀਕ ਸਿੰਘ, 88 ਫੁੱਟ ਰੋਡ ਦੇ ਧਰਮਿੰਦਰ ਸਿੰਘ ਅਤੇ ਹਰਜੀਤ ਸਿੰਘ ਅਤੇ ਗੇਟ ਹਕੀਮਾ ਖੇਤਰ ਦੇ ਰਹਿਣ ਵਾਲੇ ਸਾਹਿਬ ਸਿੰਘ ਵਜੋਂ ਹੋਈ ਹੈ। ਡੀਜੀਪੀ ਗੌਰਵ ਯਾਦਵ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਆਜ਼ਾਦ ਵੀਰ ਅਤੇ ਅਮਰੀਕ ਸਿੰਘ ਨੇ ਧਮਾਕਾਖੇਜ਼ ਸਮੱਗਰੀ ਇਕੱਠੀ ਕੀਤੀ ਸੀ ਜਦਕਿ ਧਮਾਕਾਖੇਜ਼ ਸਮੱਗਰੀ ਦੀ ਸਪਲਾਈ ਕਰਨ ਅਤੇ ਮੁਹੱਈਆ ਕਰਵਾਉਣ ’ਚ ਧਰਮਿੰਦਰ ਸਿੰਘ, ਹਰਜੀਤ ਸਿੰਘ ਅਤੇ ਸਾਹਿਬ ਸਿੰਘ ਸ਼ਾਮਲ ਹਨ।
ਡੀਜੀਪੀ ਨੇ ਦੱਸਿਆ ਕਿ ਸਾਹਿਬ ਸਿੰਘ ਪਟਾਕਿਆਂ ਦੇ ਨਿਰਮਾਣ ਲਈ ਵਰਤੇ ਜਾਣ ਵਾਲੇ ਵਿਸਫੋਟਕਾਂ ਦਾ ਲਾਇਸੈਂਸ ਧਾਰਕ ਹੈ। ਪੁਲੀਸ ਨੇ ਇੱਕ ਔਰਤ ਨੂੰ ਵੀ ਗ੍ਰਿਫਤਾਰ ਕੀਤਾ ਹੈ, ਜਿਸਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਨੇ ਇਨ੍ਹਾਂ ਦੇ ਕਬਜ਼ੇ ‘ਚੋਂ 1.1 ਕਿਲੋਗ੍ਰਾਮ ਧਮਾਕਾਖੇਜ਼ ਸਮੱਗਰੀ ਤੋਂ ਇਲਾਵਾ ਕੁਝ ਕੱਟੜਪੰਥੀ ਸਾਹਿਤ ਵੀ ਬਰਾਮਦ ਕੀਤਾ ਹੈ। ਆਜ਼ਾਦਵੀਰ ਅਤੇ ਅਮਰੀਕ ਸਿੰਘ ਕਈ ਦਿਨਾਂ ਤੋਂ ਹਰਿਮੰਦਰ ਸਾਹਿਬ ਕੰਪਲੈਕਸ ਸਥਿਤ ਗੁਰੂ ਰਾਮਦਾਸ ਸਰਾਂ ਵਿੱਚ ਸਨ। ਉਨ੍ਹਾਂ ਨੇ ਦੇਸੀ ਬੰਬ ਬਣਾਇਆ। ਡੀਜੀਪੀ ਨੇ ਕਿਹਾ ਕਿ ਪੁਲੀਸ ਕਮਿਸ਼ਨਰ ਨੌਨਿਹਾਲ ਸਿੰਘ ਨੂੰ ਇਨ੍ਹਾਂ ਮਾਮਲਿਆਂ ਦੀ ਜਾਂਚ ਲਈ ਐਸਆਈਟੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਆਜ਼ਾਦ ਵੀਰ ਸਿੰਘ ਨੇ ਸਰਾਂ ਦੇ ਬਾਥਰੂਮ ਵਿੱਚ ਜਾ ਕੇ 12.12 ਵਜੇ ਸਰਾਂ ਦੇ ਪਿੱਛੇ ਗਲਿਆਰਾ ਵਾਲੇ ਪਾਸੇ ਬੰਬ ਸੁੱਟ ਦਿੱਤਾ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੇ ਪਹਿਲਾਂ ਵੀ ਹੈਰੀਟੇਜ ਸਟਰੀਟ ’ਤੇ ਹੋਏ ਧਮਾਕਿਆਂ ਦੀ ਗੱਲ ਕਬੂਲੀ ਹੈ।