ਐਸ.ਏ.ਐਸ.ਨਗਰ(ਮੁਹਾਲੀ), 2 ਅਪਰੈਲ
ਆਈਪੀਐਲ ਦੇ ਅੱਜ ਇਥੇ ਮੈਚ ਵਿੱਚ ਪੰਜਾਬ ਦੇ ਸ਼ੇਰਾਂ ਨੇ ਦਿੱਲੀ ਕੈਪੀਟਲਜ਼ ਨੂੰ 14 ਦੌੜਾਂ ਨਾਲ ਹਰਾ ਕੇ ਆਪਣੀ ਜੇਤੂ ਲੈਅ ਬਰਕਰਾਰ ਰੱਖੀ। ਬੇਹੱਦ ਰੁਮਾਂਚਕ ਮੁਕਾਬਲੇ ਵਿੱਚ ਪੰਜਾਬ ਦੀ ਟੀਮ ਵੱਲੋਂ 20 ਓਵਰਾਂ ਵਿੱਚ 9 ਵਿਕਟਾਂ ਪਿੱਛੇ 166 ਦੌੜਾਂ ਦੇ ਜਵਾਬ ਵਿੱਚ ਦਿੱਲੀ ਦੇ ਸਾਰੇ ਖਿਡਾਰੀ 19.2 ਓਵਰਾਂ ਵਿੱਚ ਸਿਰਫ਼ 142 ਦੌੜਾਂ ਬਣਾ ਕੇ ਆਊਟ ਹੋ ਗਏ। ਪੰਜਾਬ ਦੇ ਗੇਂਦਬਾਜਾਂ ਨੇ ਆਖਰੀ ਚਾਰ ਓਵਰਾਂ ਵਿੱਚ ਸੱਤ ਵਿਕਟਾਂ ਲੈ ਕੇ ਮੈਚ ਦਾ ਰੁੱਖ ਬਦਲਿਆ। ਸੈਮ ਕਰਨ ਨੇ ਆਖਰੀ ਓਵਰ ਵਿੱਚ ਹੈਟ੍ਰਿਕ ਲਗਾ ਕੇ ਦਰਸ਼ਕਾਂ ਦੀ ਵਾਹ-ਵਾਹ ਖੱਟੀ। ਕਪਤਾਨ ਆਰ ਆਸ਼ਵਿਨ ਅਤੇ ਮੁਹੰਮਦ ਸ਼ਮੀ ਨੇ ਦੋ-ਦੋ ਵਿਕਟਾਂ ਲੈ ਕੇ ਪੰਜਾਬ ਦੀ ਜਿੱਤ ਯਕੀਨੀ ਬਣਾਈ। ਇਸ ਜਿੱਤ ਨਾਲ ਪੰਜਾਬ ਦੇ ਛੇ ਅੰਕ ਹੋ ਗਏ ਹਨ।
ਕਿੰਗਜ਼ ਇਲੈਵਨ ਪੰਜਾਬ ਦੇ ਸਰਫ਼ਰਾਜ (39), ਡੇਵਿਡ ਮਿੱਲਰ (43) ਅਤੇ ਮਨਦੀਪ ਸਿੰਘ ਨੇ 29 ਦੌੜਾਂ ਦੀ ਨਾਬਾਦ ਪਾਰੀ ਖੇਡੀ। ਦਿੱਲੀ ਕੈਪਟੀਲਜ਼ ਦੇ ਕ੍ਰਿਸ ਮੌਰਿਸ ਨੇ ਤਿੰਨ ਵਿਕਟਾਂ ਹਾਸਿਲ ਕੀਤੀਆਂ।

ਬੇਟਿਕਟਿਆਂ ਨੂੰ ਸੀਟਾਂ, ਟਿਕਟਾਂ ਵਾਲੇ ਖੜਨ ਲਈ ਮਜਬੂਰ
ਮੁਹਾਲੀ ਦੇ ਖਚਾਖਚ ਭਰੇ ਸਟੇਡੀਅਮ ਵਿੱਚ ਬੇਟਿਕਟਿਆਂ ਦੀ ਅੱਜ ਵੀ ਭਰਮਾਰ ਰਹੀ। ਟਿਕਟਾਂ ਵਾਲੇ ਦਰਸ਼ਕ ਆਪਣੀਆਂ ਨਿਰਧਾਰਿਤ ਸੀਟਾਂ ਛੁਡਾਏ ਜਾਣ ਲਈ ਪੁਲੀਸ ਦਾ ਸਹਿਯੋਗ ਵੀ ਲੈਂਦੇ ਰਹੇ ਪਰ ਟਿਕਟਾਂ ਵਾਲੇ ਅਨੇਕਾਂ ਦਰਸ਼ਕਾਂ ਨੂੰ ਸਮੁੱਚਾ ਮੈਚ ਖੜ੍ਹ ਕੇ ਵੇਖਣ ਲਈ ਮਜਬੂਰ ਹੋਣਾ ਪਿਆ। ਕਿੰਗਜ਼ ਇਲੈਵਨ ਪੰਜਾਬ ਦੀ ਸਹਿ ਮਾਲਕਣ ਪ੍ਰੀਤੀ ਜ਼ਿੰਟਾ ਖਿਡਾਰੀਆਂ ਅਤੇ ਦਰਸ਼ਕਾਂ ਨੂੰ ਅੱਜ ਵੀ ਉਤਸ਼ਾਹਿਤ ਕਰਦੀ ਰਹੀ ਤੇ ਟੀ ਸ਼ਰਟਾਂ ਵੀ ਵੰਡੀਆਂ।