ਨਵੀਂ ਦਿੱਲੀ, ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਨੇ ਹਰੀ ਕ੍ਰਾਂਤੀ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਪੰਜਾਬ ਨੂੰ ਹੁਣ ਵਿਸ਼ੇਸ਼ ਸਨਅਤੀ ਜ਼ੋਨ ਬਣਾ ਕੇ ਆਰਥਿਕ ਪੈਕਜ ਦੇਣ ਦੀ ਮੰਗ ਸੰਸਦ ਦੇ ਅੰਦਰ ਤੇ ਬਾਹਰ ਕੀਤੀ। ਲੁਧਿਆਣਾ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ ਉਨ੍ਹਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਪ੍ਰਤਾਪ ਸਿੰਘ ਬਾਜਵਾ ਤੇ ਗੁਰਜੀਤ ਸਿੰਘ ਔਜਲਾ ਨੇ ਪੰਜਾਬ ਨੂੰ ਵਿਸ਼ੇਸ਼ ਸਨਅਤੀ ਖੇਤਰ ਵੱਜੋਂ ਵਿਕਸਤ ਕਰਨ ਦੀ ਮੰਗ ਕੀਤੀ ਗਈ। ਇਨ੍ਹਾਂ ਕਾਂਗਰਸੀ ਨੇ ਆਪਣੇ ਹੱਥਾਂ ਵਿੱਚ ਹਿੰਦੀ ਵਿੱਚ ਕੰਪਿਊਟਰਾਂ ਨਾਲ ਲਿਖੇ ਹੋਈਆਂ ਤਖ਼ਤੀਆਂ ਮੀਡੀਆ ਸਾਹਮਣੇ ਪੇਸ਼ ਕੀਤੀਆਂ, ਜੋ ਪੰਜਾਬ ਬਾਰੇ ਕਾਂਗਰਸ ਦਾ ਦ੍ਰਿਸ਼ੀਕੋਣ ਪੇਸ਼ ਕਰਦੀਆਂ ਸਨ। ਇਨ੍ਹਾਂ ਤਖ਼ਤੀਆਂ ਉਪਰ ‘ਪੰਜਾਬ ਨੂੰ ਵਿਸ਼ੇਸ਼ ਉਦਯੋਗਿਕ ਦਰਜਾ, ਜ਼ੋਨ ਐਲਾਨ ਕਰੋ’, ‘ਸਰਹੱਦੀ ਪੰਜਾਬ ਨੂੰ ਦਿਓ ਵਿਸ਼ੇਸ਼ ਉਦਯੋਗਿਕ ਖੇਤਰ ਦਾ ਦਰਜਾ’, ‘ਅਸੀਂ ਹਰੀ ਕ੍ਰਾਂਤੀ ਲਿਆਏ, ਹੁਣ ਉਦਯੋਗਿਕ ਕ੍ਰਾਂਤੀ ਲਈ ਪੰਜਾਬ ਨੂੰ ਵਿਸ਼ੇਸ਼ ਦਰਜਾ ਤੇ ਪੈਕਜ ਦਿਓ’, ‘ਪੰਜਾਬ ਨੂੰ ਵਿਸ਼ੇਸ਼ ਆਰਥਿਕ ਪੈਕਜ ਦਿਓ’ ਲਿਖਿਆ ਹੋਇਆ ਸੀ।
ਸ੍ਰੀ ਬਿੱਟੂ ਨੇ ਕਿਹਾ ਕਿ ਪੰਜਾਬ ਨੂੰ ਸਨਅਤੀਕਰਨ ਦੀ ਲੋੜ ਹੈ ਤੇ ਕੇਂਦਰ ਸਰਕਾਰ ਤੋਂ ਉਨ੍ਹਾਂ ਤਵੱਕੋਂ ਕੀਤੀ ਕਿ ਉਹ ਹੁਣ ਪੰਜਾਬੀਆਂ ਦੀ ਬਾਂਹ ਫੜੇ, ਜਿਸ ਨੇ ਦੇਸ਼ ਦੇ ਅੰਨ ਭੰਡਾਰ ਵਿੱਚ ਅਥਾਹ ਵਾਧਾ ਕੀਤਾ ਸੀ ਤੇ ਦੇਸ਼ ਵਾਸੀਆਂ ਨੂੰ ਅੰਨ ਦਾ ਪ੍ਰਬੰਧ ਕਰਨ ਲਈ ਆਪਣੇ ਕੁਦਰਤੀ ਸਾਧਨਾਂ ਦਾ ਦੋਹਨ ਕੀਤਾ ਸੀ।