ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੜ੍ਹਾਂ ਤੋਂ ਪ੍ਰਭਾਵਿਤ ਪੰਜਾਬ ਦੇ ਲੋਕਾਂ ਦੀ ਮਦਦ ਲਈ ਮਿਸ਼ਨ ਚੜ੍ਹਦੀ ਕਲਾਂ ਸ਼ੁਰੂ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮਿਸ਼ਨ ਦੀ ਸ਼ੁਰੂਆਤ ਕਰਦੇ ਹੋਏ ਜਨਤਾ ਦੇ ਸਹਿਯੋਗ ਦੀ ਅਪੀਲ ਕੀਤੀ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭਾਰੀ ਬਾਰਿਸ਼ ਅਤੇ ਦਰਿਆਵਾਂ ਵਿੱਚ ਆਏ ਹੜ੍ਹਾਂ ਨੇ ਸੂਬੇ ਵਿੱਚ ਵੱਡੀ ਤਬਾਹੀ ਮਚਾਈ ਹੈ। ਹੁਣ ਤੱਕ 2,300 ਪਿੰਡ ਹੜ੍ਹਾਂ ਨਾਲ ਪੂਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਲਗਭਗ 7 ਲੱਖ ਲੋਕ ਬੇਘਰ ਹੋ ਗਏ ਹਨ, ਜਦੋਂ ਕਿ 20 ਲੱਖ ਹੋਰ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਆਓ ਇਕੱਠੇ ਹੋ ਕੇ ਇਸ ਔਖੀ ਘੜੀ ‘ਚ ਪੰਜਾਬ ਦਾ ਹੱਥ ਫ਼ੜੀਏ ਤੇ ਖੁੱਲ੍ਹੇ ਦਿਲ ਨਾਲ ਪੰਜਾਬ ਦੀ ਮਦਦ ਕਰੀਏ।

ਮੁੱਖ ਮੰਤਰੀ ਮਾਨ ਨੇ ਇਸ ਆਫ਼ਤ ਨੂੰ ਪੰਜਾਬ ਲਈ ਸਭ ਤੋਂ ਔਖਾ ਇਮਤਿਹਾਨ ਦੱਸਿਆ ਅਤੇ ਮਿਸ਼ਨ ਚੜ੍ਹਦੀ ਕਲਾਂ ਦੀ ਸ਼ੁਰੂਆਤ ਦਾ ਐਲਾਨ ਕੀਤਾ। ਉਨ੍ਹਾਂ ਨੇ ਉਦਯੋਗਪਤੀਆਂ, ਚੈਰੀਟੇਬਲ ਟਰੱਸਟਾਂ, ਕਲਾਕਾਰਾਂ ਅਤੇ ਆਮ ਨਾਗਰਿਕਾਂ ਨੂੰ ਸੂਬੇ ਦੇ ਪੁਨਰ ਨਿਰਮਾਣ ਅਤੇ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਲਈ ਖੁੱਲ੍ਹੇ ਦਿਲ ਨਾਲ ਯੋਗਦਾਨ ਪਾਉਣ ਦੀ ਅਪੀਲ ਕੀਤੀ। ਮਾਨ ਨੇ ਭਰੋਸਾ ਦਿੱਤਾ ਕਿ ਰਾਹਤ ਅਤੇ ਮੁੜ ਵਸੇਬੇ ਦੇ ਕੰਮ ਲਈ ਸਾਰੇ ਦਾਨ ਪਾਰਦਰਸ਼ੀ ਢੰਗ ਨਾਲ ਖਰਚ ਕੀਤੇ ਜਾਣਗੇ।
ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਲੋਕ ਵੈੱਬਸਾਈਟ rangla.punjab.gov.in ‘ਤੇ ਜਾ ਕੇ ਹੜ੍ਹ ਰਾਹਤ ਅਤੇ ਮਿਸ਼ਨ ਚੜ੍ਹਦੀ ਕਲਾਂ ਨਾਲ ਸਬੰਧਤ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਹੜ੍ਹਾਂ ਨੇ 8,500 ਕਿਲੋਮੀਟਰ ਸੜਕੀ ਨੈੱਟਵਰਕ ਨੂੰ ਨੁਕਸਾਨ ਪਹੁੰਚਾਇਆ ਹੈ, ਅਤੇ 2,500 ਪੁਲ ਅਤੇ ਸੰਪਰਕ ਸੜਕਾਂ ਨੂੰ ਵਹਾ ਦਿੱਤਾ ਹੈ। ਸਿੱਖਿਆ ਖੇਤਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। 3,200 ਸਕੂਲ ਅਤੇ 19 ਕਾਲਜ ਖੰਡਰ ਬਣ ਗਏ ਹਨ। ਇਸ ਤੋਂ ਇਲਾਵਾ, 1,400 ਕਲੀਨਿਕਾਂ ਅਤੇ ਹੋਰ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਹੁਣ ਤੱਕ ਦੀਆਂ ਰਿਪੋਰਟਾਂ ਵਿੱਚ 56 ਮੌਤਾਂ ਦਰਜ ਕੀਤੀਆਂ ਗਈਆਂ ਹਨ, ਜਦੋਂਕਿ ਸ਼ੁਰੂਆਤੀ ਅਨੁਮਾਨਾਂ ਵਿੱਚ ਨੁਕਸਾਨ ₹13,800 ਕਰੋੜ ਦੱਸਿਆ ਗਿਆ ਹੈ।
CM ਮਾਨ ਨੇ ਕਿਹਾ ਕਿ ਪਾਣੀ ਘੱਟਣ ਤੋਂ ਬਾਅਦ ਇੱਕ ਵਿਸਤ੍ਰਿਤ ਸਰਵੇਖਣ ਕੀਤੇ ਜਾਣ ਤੋਂ ਬਾਅਦ ਇਹ ਅੰਕੜਾ ਹੋਰ ਵੱਧ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੇ ਹਮੇਸ਼ਾ ਹਿੰਮਤ ਨਾਲ ਸੰਕਟਾਂ ਦਾ ਸਾਹਮਣਾ ਕੀਤਾ ਹੈ ਅਤੇ ਇਸ ਵਾਰ ਵੀ ਸੂਬਾ ਨਵੀਂ ਊਰਜਾ ਅਤੇ ਉਤਸ਼ਾਹ ਨਾਲ ਉੱਠੇਗਾ।