ਪੰਜਾਬ ਦੀ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੇ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (BKI) ਅਤੇ ਪਾਕਿਸਤਾਨੀ ਖੁਫੀਆ ਏਜੰਸੀ ISI ਦੀ ਮਦਦ ਨਾਲ ਰਚੀ ਗਈ ਇੱਕ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ। AGTF ਅਤੇ ਤਰਨਤਾਰਨ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਦੌਰਾਨ, ਪਾਕਿਸਤਾਨ ਵਿੱਚ ਬੈਠੇ BKI ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਅਤੇ ਲਖਬੀਰ ਸਿੰਘ ਉਰਫ਼ ਲੰਡਾ ਵੱਲੋਂ ਰਚੀ ਗਈ ਨਾਪਾਕ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਗਿਆ। ਖੁਫੀਆ ਜਾਣਕਾਰੀ ਦੇ ਆਧਾਰ ‘ਤੇ, ਇੱਕ ਸਰਚ ਆਪ੍ਰੇਸ਼ਨ ਚਲਾਇਆ ਗਿਆ ਅਤੇ ਪੁਲਿਸ ਨੇ ਤਰਨਤਾਰਨ ਜ਼ਿਲ੍ਹੇ ਤੋਂ ਇੱਕ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (IED) ਬਰਾਮਦ ਕੀਤੀ। ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਇਹ IED ਅੱਤਵਾਦੀ ਰਿੰਦਾ ਦੇ ਸਾਥੀਆਂ ਨੂੰ ਪਹੁੰਚਾਇਆ ਜਾਣਾ ਸੀ।
ਬਰਾਮਦ ਕੀਤੇ IED ਨੂੰ ਸਾਵਧਾਨੀ ਨਾਲ ਇੱਕ ਸੁਰੱਖਿਅਤ ਜਗ੍ਹਾ ‘ਤੇ ਲਿਜਾਇਆ ਗਿਆ, ਜਿੱਥੇ ਇਸ ਨੂੰ ਨਿਯੰਤਰਿਤ ਤਰੀਕੇ ਨਾਲ ਨਕਾਰਾ ਕਰ ਦਿੱਤਾ ਗਿਆ ਸੀ। ਆਈਈਡੀ ਨੂੰ ਨਕਾਰਾ ਕਰਨ ਲਈ, ਬੰਬ ਡਿਸਪੋਜ਼ਲ ਸਕੁਐਡ (ਈਓਡੀ) ਨੂੰ ਮੌਕੇ ‘ਤੇ ਬੁਲਾਇਆ ਗਿਆ, ਜਿਸ ਨੇ ਏਜੀਐਫਟੀ ਅਤੇ ਸਥਾਨਕ ਪੁਲਿਸ ਦੀ ਸਹਾਇਤਾ ਨਾਲ ਵਿਸਫੋਟਕ ਨੂੰ ਸਫਲਤਾਪੂਰਵਕ ਨਕਾਰਾ ਕਰ ਦਿੱਤਾ।