ਐੱਸਏਐੱਸ ਨਗਰ (ਮੁਹਾਲੀ), 5 ਸਤੰਬਰ
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਹਲਕੇ ਮੁਹਾਲੀ ਵਿੱਚ ਲੋਕ ਕੋਵਿਡ-19 ਬਾਰੇ ਦਿਸ਼ਾ ਨਿਰਦੇਸ਼ਾਂ ਦੀਆਂ ਧੱਜੀਆਂ ਉਡਾ ਰਹੇ ਹਨ। ਇਥੇ ਹਫ਼ਤਾਵਾਰੀ ਤਾਲਾਬੰਦੀ ਬਾਵਜੂਦ ਅੱਜ ਸਨਿਚਰਵਾਰ ਨੂੰ ਆਮ ਦਿਨਾਂ ਵਾਂਗ ਬਾਜ਼ਾਰ ਖੁੱਲ੍ਹੇ ਰਹੇ। ਇਸ ਦੌਰਾਨ ਪੁਲੀਸ ਕਰਮਚਾਰੀਆਂ ਨੇ ਵੱਖ-ਵੱਖ ਮਾਰਕੀਟਾਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਦੁਕਾਨਦਾਰਾਂ ਨੂੰ ਨਿਯਮਾਂ ਦੀ ਪਾਲਣ ਕਰਨ ਅਤੇ ਆਪਣੀਆਂ ਦੁਕਾਨਾਂ ਬੰਦ ਕਰਨ ਦੀ ਅਪੀਲ ਕੀਤੀ ਗਈ ਪਰ ਦੁਕਾਨਦਾਰਾਂ ਨੇ ਪੁਲੀਸ ਦੀ ਇਕ ਨਹੀਂ ਸੁਣੀ। ਉਂਜ ਕਈ ਮਾਰਕੀਟਾਂ ਵਿੱਚ ਇਕਾ ਦੂਜਾ ਦੁਕਾਨਾਂ ਬੰਦ ਵੀ ਦੇਖੀਆਂ ਗਈਆਂ। ਇੱਥੋਂ ਦੇ ਫੇਜ਼-7 ਦੀ ਮਾਰਕੀਟ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਮੁਹਾਲੀ ਵਪਾਰ ਮੰਡਲ ਦੇ ਪ੍ਰਧਾਨ ਵਿਨੀਤ ਵਰਮਾ ਅਤੇ ਜਨਰਲ ਸਕੱਤਰ ਸਰਬਜੀਤ ਸਿੰਘ ਦੀ ਅਗਵਾਈ ਹੇਠ ਦੁਕਾਨਦਾਰਾਂ ਨੇ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸ੍ਰੀ ਵਰਮਾ ਨੇ ਡਿਪਟੀ ਕਮਿਸ਼ਨਰ ਨਾਲ ਫੋਨ ’ਤੇ ਗੱਲ ਕਰਕੇ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਵਿਚਲਾ ਰਸਤਾ ਕੱਢਿਆ ਜਾਵੇ।