ਬਠਿੰਡਾ,ਪੰਜਾਬ ਸਰਕਾਰ ਵੱਲੋਂ ਸਰਕਾਰੀ ਖ਼ਜ਼ਾਨੇ ’ਚੋਂ ਮੌਜੂਦਾ ਵਿਧਾਇਕਾਂ/ਸਾਬਕਾ ਵਿਧਾਇਕਾਂ ਦੀ ਸਿਹਤ ’ਤੇ ਰੋਜ਼ਾਨਾ ਔਸਤਨ ਕਰੀਬ 40 ਹਜ਼ਾਰ ਰੁਪਏ ਖਰਚੇ ਜਾਂਦੇ ਹਨ। ਜਦੋਂ ਵਿਧਾਇਕ ਵਾਲੀ ਕੁਰਸੀ ਖੁਸ ਜਾਂਦੀ ਹੈ, ਉਸ ਮਗਰੋਂ ਇਲਾਜ ਖਰਚਾ ਵੱਡੀ ਛਾਲ ਮਾਰਦਾ ਹੈ। ਗੱਦੀ ਦੌਰਾਨ ਓਨਾ ਸਿਹਤ ਖਰਚਾ ਨਹੀਂ ਹੁੰਦਾ, ਜਿੰਨਾ ‘ਸਾਬਕਾ’ ਦੀ ਫੀਤੀ ਲੱਗਣ ਮਗਰੋਂ ਹੁੰਦਾ ਹੈ। ਸਰਕਾਰੀ ਨਿਯਮ ਹੀ ਏਦਾਂ ਦੇ ਹਨ ਕਿ ਵਿਧਾਇਕ ਤੇ ਸਾਬਕਾ ਵਿਧਾਇਕ ਦੇ ਸਿਹਤ ਖਰਚ ਦੀ ਕੋਈ ਸੀਮਾ ਨਹੀਂ ਹੈ। ਇਲਾਜ ਮੁਲਕ ’ਚ ਕਰਾਓ ਤੇ ਚਾਹੇ ਵਿਦੇਸ਼ ਵਿੱਚ। ਮੁੱਖ ਮੰਤਰੀ, ਸਾਬਕਾ ਮੁੱਖ ਮੰਤਰੀ ਅਤੇ ਮੰਤਰੀ/ਸਾਬਕਾ ਮੰਤਰੀ ਦਾ ਸਿਹਤ ਖਰਚਾ ਇਸ ਤੋਂ ਵੱਖਰਾ ਹੈ।
ਪੰਜਾਬ ਵਿਧਾਨ ਸਭਾ ਸਕੱਤਰੇਤ ਤੋਂ ਆਰਟੀਆਈ ’ਚ ਪ੍ਰਾਪਤ ਤਾਜ਼ਾ ਵੇਰਵਿਆਂ ਅਨੁਸਾਰ ਲੰਘੇ ਬਾਰਾਂ ਵਰ੍ਹਿਆਂ ਵਿਚ ਵਿਧਾਇਕਾਂ ਅਤੇ ਸਾਬਕਾ ਵਿਧਾਇਕਾਂ ਦੇ ਇਲਾਜ ’ਤੇ 16.72 ਕਰੋੜ ਰੁਪਏ ਦਾ ਖਰਚਾ ਆਇਆ ਹੈ। ਸਾਲ 2007-08 ਤੋਂ 2018-19 ਦੌਰਾਨ ਵਿਧਾਇਕਾਂ ਦੇ ਇਲਾਜ ’ਤੇ 6.24 ਕਰੋੜ ਰੁਪਏ ਖਰਚ ਆਇਆ ਹੈ ਜਦੋਂਕਿ ਸਾਬਕਾ ਵਿਧਾਇਕਾਂ ਦੀ ਸਿਹਤਯਾਬੀ ’ਤੇ ਇਸੇ ਸਮੇਂ ਦੌਰਾਨ 10.48 ਕਰੋੜ ਖਰਚ ਕੀਤੇ ਗਏ ਹਨ। ਵਿਧਾਇਕਾਂ/ਸਾਬਕਾ ਵਿਧਾਇਕਾਂ ਦੇ ਇਲਾਜ ’ਤੇ ਸਰਕਾਰੀ ਖ਼ਜ਼ਾਨੇ ’ਚੋਂ ਔਸਤਨ ਰੋਜ਼ਾਨਾ ਕਰੀਬ 38,717 ਰੁਪਏ ਖਰਚੇ ਜਾ ਰਹੇ ਹਨ ਅਤੇ ਪ੍ਰਤੀ ਮਹੀਨਾ ਇਹੋ ਖਰਚ 11.61 ਲੱਖ ਰੁਪਏ ਬਣ ਜਾਂਦਾ ਹੈ। ਇਸੇ ਤਰ੍ਹਾਂ ਸਾਲਾਨਾ ਸਿਹਤ ਖਰਚਾ 1.39 ਕਰੋੋੜ ਬਣਦਾ ਹੈ।
ਤੱਥਾਂ ਅਨੁਸਾਰ ਵਿਧਾਇਕਾਂ ਦੇ ਇਲਾਜ ’ਤੇ ਔਸਤਨ ਰੋਜ਼ਾਨਾ ਕਰੀਬ 14,453 ਰੁਪਏ ਖਰਚ ਹੋ ਰਹੇ ਹਨ ਜਦੋਂ ਕਿ ਸਾਬਕਾ ਵਿਧਾਇਕਾਂ ਦੇ ਇਲਾਜ ’ਤੇ ਰੋਜ਼ਾਨਾ ਔਸਤਨ ਕਰੀਬ 24,264 ਰੁਪਏ ਦਾ ਖਰਚਾ ਆ ਰਿਹਾ ਹੈ। ਵਿਧਾਇਕਾਂ ’ਤੇ ਨਜ਼ਰ ਮਾਰੀਏ ਤਾਂ ਲੰਘੇ 12 ਵਰ੍ਹਿਆਂ ਦੌਰਾਨ ਹਰ ਸਾਲ ਔਸਤਨ 41 ਵਿਧਾਇਕਾਂ ਦੇ ਇਲਾਜ ਦਾ ਖਰਚਾ ਸਰਕਾਰੀ ਖ਼ਜ਼ਾਨੇ ਨੇ ਝੱਲਿਆ ਜਦੋਂ ਕਿ ਔਸਤਨ 152 ਸਾਬਕਾ ਵਿਧਾਇਕਾਂ ਨੇ ਹਰ ਵਰ੍ਹੇ ਖ਼ਜ਼ਾਨੇ ਦੀ ਮਦਦ ਨਾਲ ਆਪਣਾ ਇਲਾਜ ਕਰਾਇਆ। ਏਨਾ ਸਾਫ ਹੈ ਕਿ ‘ਸਾਬਕਾ’ ਬਣਨ ਮਗਰੋਂ ਇਲਾਜ ਦਾ ਖਰਚਾ ਵਧਿਆ ਹੈ। ਮਿਸਾਲ ਵਜੋਂ ਲੰਘੇ ਮਾਲੀ ਵਰ੍ਹੇ ਦੌਰਾਨ ਸਿਰਫ਼ 19 ਵਿਧਾਇਕਾਂ ਨੇ ਇਲਾਜ ਦਾ ਖਰਚਾ ਲਿਆ ਹੈ ਜਦੋਂਕਿ ਇਸੇ ਦੌਰਾਨ 215 ਸਾਬਕਾ ਵਿਧਾਇਕਾਂ ਦਾ ਇਲਾਜ ਬਿੱਲ ਖ਼ਜ਼ਾਨੇ ਨੇ ਚੁੱਕਿਆ ਹੈ।
ਸੂਤਰ ਦੱਸਦੇ ਹਨ ਕਿ ਕਾਫ਼ੀ ਸਾਬਕਾ ਵਿਧਾਇਕ ਬੁੱਢੇ ਹੋ ਗਏ ਹਨ ਅਤੇ ਉਨ੍ਹਾਂ ਦੀ ਸਿਹਤ ਸੰਭਾਲ ਦਾ ਖਰਚਾ ਵੀ ਕਾਫ਼ੀ ਵੱਧ ਗਿਆ ਹੈ। ਸਾਲ 2018-19 ਦੌਰਾਨ ਵਿਧਾਇਕਾਂ ਦਾ ਸਿਹਤ ਖਰਚ 33.37 ਲੱਖ ਰੁਪਏ ਅਤੇ ਸਾਬਕਾ ਵਿਧਾਇਕਾਂ ਦਾ ਇਸੇ ਸਾਲ ਦੌਰਾਨ 1.18 ਕਰੋੜ ਰੁਪਏ ਇਲਾਜ ਖਰਚ ਰਿਹਾ ਹੈ। ਲੰਘੇ ਬਾਰਾਂ ਸਾਲਾਂ ਦੌਰਾਨ ਸਭ ਤੋਂ ਵੱਡਾ ਇਲਾਜ ਖਰਚਾ ਬਾਦਲ ਤੇ ਬਰਾੜ ਪਰਿਵਾਰ ਦਾ ਰਿਹਾ ਹੈ। ਬਾਦਲ ਪਰਿਵਾਰ ਨੇ ਇਸ ਸਮੇਂ ਦੌਰਾਨ 4.50 ਕਰੋੜ ਰੁਪਏ ਇਲਾਜ ਖਰਚ ਵਜੋਂ ਖ਼ਜ਼ਾਨੇ ’ਚੋਂ ਲਏ ਹਨ ਜਦੋਂ ਕਿ ਮਰਹੂਮ ਵਿਧਾਇਕ ਕੰਵਰਜੀਤ ਸਿੰਘ ਬਰਾੜ ਦੇ ਇਲਾਜ ’ਤੇ ਵੀ 3.43 ਕਰੋੜ ਦਾ ਖਰਚ ਆਇਆ ਸੀ। ਵਿਧਾਨ ਸਭਾ ਦੇ ਸਪੀਕਰ ਅਤੇ ਡਿਪਟੀ ਸਪੀਕਰ (ਮੌਜੂਦਾ/ਸਾਬਕਾ) ਦਾ ਇਲਾਜ ਖਰਚਾ ਵੀ ਇਸ ਤੋਂ ਵੱਖਰਾ ਹੈ।
ਪੰਜਾਬ ਵਿਚ ਦੋ ਤਰ੍ਹਾਂ ਦੇ ਲੋਕਾਂ ’ਤੇ ਖ਼ਜ਼ਾਨੇ ’ਚੋਂ ਇਲਾਜ ਵਾਸਤੇ ਖਰਚ ਦੀ ਕੋਈ ਸੀਮਾ ਨਹੀਂ ਹੈ। ਵਿਧਾਇਕ ਅਤੇ ਸਾਬਕਾ ਵਿਧਾਇਕ ਇਲਾਜ ਵਾਸਤੇ ਕੋਈ ਖਰਚ ਸੀਮਾ ਨਹੀਂ। ਦੂਜਾ ਜੇਲ੍ਹਾਂ ਦੇ ਬੰਦੀਆਂ ਦੇ ਇਲਾਜ ’ਤੇ ਖਰਚ ਦੀ ਕੋਈ ਹੱਦ ਨਹੀਂ ਹੈ। ਸੂਤਰਾਂ ਅਨੁਸਾਰ ਵਿਧਾਇਕ ਕਿਸੇ ਵੀ ਮਹਿੰਗੇ ਹਸਪਤਾਲ ’ਚੋਂ ਮਹਿੰਗਾ ਇਲਾਜ ਕਰਵਾ ਸਕਦੇ ਹਨ।
ਪੰਜਾਬ ਦੇ ਆਮ ਲੋਕਾਂ ਦੀ ਸਿਹਤ ਦਾਅ ’ਤੇ ਲੱਗੀ ਹੋਈ ਹੈ। ਗਰੀਬ ਆਦਮੀ ਦੀ ਜ਼ਿੰਦਗੀ ਵਿਚ ਤਾਂ ਅਰਦਾਸ ਤੋਂ ਸਿਵਾ ਕੁਝ ਬਚਿਆ ਨਹੀਂ ਹੈ। ਪੰਜਾਬ ਸਰਕਾਰ ਤਰਫ਼ੋਂ 20 ਫਰਵਰੀ 2004 ਤੋਂ ਵਿਧਾਇਕਾਂ ਨੂੰ ਖੁੱਲ੍ਹਾ ਮੈਡੀਕਲ ਖਰਚ ਦਿੱਤਾ ਜਾਂਦਾ ਹੈ ਜਦੋਂਕਿ ਪਹਿਲਾਂ ਅਜਿਹਾ ਨਹੀਂ ਸੀ।