ਨਵੀਂ ਦਿੱਲੀ, 2 ਸਤੰਬਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਕੇਂਦਰ ਸਰਕਾਰ ਕੋਲ ਮੰਗ ਰੱਖੀ ਹੈ ਕਿ ਵਾਰ-ਵਾਰ ਆਉਦੇ ਹੜਾਂ ਨੂੰ ਰੋਕਣ ਲਈ ਵਿਆਪਕ ਪੱਧਰ ’ਤੇ ਠੋਸ ਯੋਜਨਾ ਉਲੀਕੀ ਜਾਵੇ ਕਿਉ ਜੋ ਇਨਾਂ ਹੜਾਂ ਨਾਲ ਸੂਬੇ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ।
ਮੁੱਖ ਮੰਤਰੀ ਨੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰਾ ਸਿੰਘ ਸ਼ੇਖਾਵਤ ਨੂੰ ਮਿਲ ਕੇ ਇਹ ਮੁੱਦਾ ਚੁੱਕਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਹੜਾਂ ਦੀ ਰੋਕਥਾਮ ਲਈ ਠੋਸ ਤੇ ਕਾਰਗਾਰ ਤਰੀਕਾ ਲੱਭੇ ਜਿਸ ਨਾਲ ਸੂਬਾ ਹਰ ਸਾਲ ਹੁੰਦੇ ਕਰੋੜਾਂ ਰੁਪਏ ਦੇ ਨੁਕਸਾਨ ਤੋਂ ਬਚ ਸਕੇ।
ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਨੇ ਕੇਂਦਰੀ ਮੰਤਰੀ ਨੂੰ ਸੂਬੇ ਵਿਚਲੇ ਹੜਾਂ ਦੇ ਕਾਰਨਾਂ ਬਾਰੇ ਜਾਣੂੰ ਕਰਵਾਇਆ ਹੈ ਅਤੇ ਸੂਬਾ ਹਰ ਸਾਲ ਇੰਨਾ ਵੱਡਾ ਨੁਕਸਾਨ ਝੱਲਣ ਦੀ ਹਾਲਤ ਵਿੱਚ ਨਹੀਂ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਨੇ ਕੇਂਦਰੀ ਮੰਤਰੀ ਨੂੰ ਹੜਾਂ ਦੀ ਰੋਕਥਾਮ ਦੇ ਕਈ ਸੁਝਾਅ ਦਿੱਤੇ ਹਨ ਜਿਵੇਂ ਕਿ ਦਰਿਆਵਾਂ ਵਿੱਚੋਂ ਗਾਰ, ਰੇਤਾ ਆਦਿ ਦੀ ਸਫਾਈ ਕਰਨੀ, ਪਾਣੀ ਦੇ ਡੈਮਾਂ ਦਾ ਨਿਰਮਾਣ ਕਰਨਾ ਜਿਸ ਨਾਲ ਵਾਧੂ ਪਾਣੀ ਸਟੋਰ ਕੀਤਾ ਜਾ ਸਕੇ। ਉਨਾਂ ਕਿਹਾ ਕਿ ਹੁਣ ਇਹ ਕੇਂਦਰੀ ਮੰਤਰਾਲੇ ਉਪਰ ਹੈ ਕਿ ਉਨਾਂ ਨੇ ਭਵਿੱਖ ਵਿੱਚ ਅਜਿਹੇ ਸੰਕਟ ਤੋਂ ਬਚਣ ਲਈ ਕੀ ਰਾਹ ਲੱਭਣਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਹੜਾਂ ਦੇ ਹਾਲਤਾਂ ਵਿੱਚ ਉਨਾਂ ਦੀ ਸਰਕਾਰ ਦੀ ਲੋਕਾਂ ਦੀ ਜ਼ਿੰਦਗੀ ਬਚਾਉਣਾ ਸਭ ਤੋਂ ਵੱਡੀ ਪਹਿਲ ਹੈ। ਉਨਾਂ ਇਸ ਗੱਲ ਉਤੇ ਚਿੰਤਾ ਪ੍ਰਗਟਾਈ ਕਿ ਪੰਜਾਬ ਦੇ ਕਈ ਪਿੰਡ ਪਾਣੀ ਵਿੱਚ ਡੁੱਬੇ ਪਏ ਹਨ। ਪਸ਼ੂ-ਧਨ ਦੇ ਨੁਕਸਾਨ ਤੋਂ ਇਲਾਵਾ 1.72 ਲੱਖ ਏਕੜ ਤੋਂ ਵੱਧ ਰਕਬੇ ਵਿੱਚ ਫਸਲਾਂ ਦਾ ਨੁਕਸਾਨ ਹੋਇਆ ਹੈ ਅਤੇ 500 ਤੋਂ ਵੱਧ ਘਰ ਢਹਿ ਗਏ ਹਨ।
ਮੀਡੀਆ ਕਰਮੀਆਂ ਵੱਲੋਂ ਇਹ ਪੁੱਛੇ ਜਾਣ ’ਤੇ ਕਿ ਅਕਾਲੀਆਂ ਵੱਲੋਂ ਸੂਬਾ ਸਰਕਾਰ ’ਤੇ ਇਹ ਦੋਸ਼ ਲਾਏ ਜਾ ਰਹੇ ਹਨ ਕਿ ਹੜ ਪੀੜਤਾਂ ਨੂੰ ਲੋੜੀਂਦੀ ਰਾਹਤ ਦੇਣ ਵਿੱਚ ਸਰਕਾਰ ਨਾਕਾਮ ਹੋਈ ਹੈ, ਉਤੇ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ਼ੋ੍ਰ੍ਰਮਣੀ ਅਕਾਲੀ ਦਲ ਨੂੰ ਆਪਣੇ ਪਿਛਲੇ 10 ਸਾਲ ਦੇ ਕਾਰਜਕਾਲ ਵਿੱਚ ਸੂਬੇ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਨਵਾਂ ਤਿਆਰ ਕਰਨ ਲਈ ਕਦਮ ਚੁੱਕਣੇ ਚਾਹੀਦੇ ਸਨ। ਕੈਪਟਨ ਅਮਰਿੰਦਰ ਸਿੰਘ ਨੇ ਇਸ ਮੁੱਦੇ ਉਤੇ ਅਕਾਲੀਆਂ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਕਹੀਆਂ ਚੁੱਕਦੇ ਅਤੇ ਦਰਿਆਵਾਂ ਦੀ ਸਫਾਈ ਕਰ ਦਿੰਦੇ।
ਸਤਲੁਜ ਯਮਨਾ ਲਿੰਕ (ਐਸ.ਵਾਈ.ਐਲ.) ਨਹਿਰ ਮਾਮਲੇ ਦੀ ਸੁਪਰੀਮ ਕੋਰਟ ਵਿੱਚ ਮੰਗਲਵਾਰ ਨੂੰ ਸੁਣਵਾਈ ਉਤੇ ਤਿਆਰੀ ਬਾਰੇ ਬਾਰੇ ਪੁੱਛੇ ਜਾਣ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਮਾਮਲਾ ਅਦਾਲਤ ਵਿੱਚ ਹੈ ਅਤੇ ਉਹ ਇਸ ਮਾਮਲੇ ਉਤੇ ਕੋਈ ਟਿੱਪਣੀ ਨਹੀਂ ਕਰਨਗੇ। ਉਨਾਂ ਇਹ ਵੀ ਕਿਹਾ ਕਿ ਇਸ ਮਾਮਲੇ ਬਾਰੇ ਮੀਟਿੰਗ ਵਿੱਚ ਵੀ ਕੋਈ ਚਰਚਾ ਨਹੀਂ ਹੋਈ।