ਨਵੀਂ ਦਿੱਲੀ, 20 ਜਨਵਰੀ
ਬਾਲ ਅਧਿਕਾਰਾਂ ਲਈ ਕੰਮ ਕਰਨ ਵਾਲੀ ਸੰਸਥਾ ਵੱਲੋਂ ਪੰਜਾਬ ਦੀਆਂ ਦੋ ਮੁਟਿਆਰਾਂ ਤੇ ਇੱਕ ਨੌਜਵਾਨ ਸਮੇਤ 56 ਬੱਚਿਆਂ ਦਾ ਅੱਜ ਕੌਮੀ ਬਹਾਦਰੀ ਪੁਰਸਕਾਰ ਨਾਲ ਸਨਮਾਨ ਕੀਤਾ ਗਿਆ। ਪੰਜਾਬ ਦੀ ਕੁਸੁਮ, ਅਮਨਦੀਪ ਕੌਰ ਅਤੇ ਅਜ਼ਾਮ ਕਪੂਰ ਨੂੰ ਇਹ ਪੁਰਸਕਾਰ ਮਿਲੇ। ਜ਼ਿਕਰਯੋਗ ਹੈ ਕਿ ਕੁਸੁਮ ਨੇ ਲੋਕਾਂ ਨੂੰ ਡੁੱਬਣ ਤੋਂ ਬਚਾਇਆ ਸੀ, ਜਦੋਂਕਿ ਅਮਨਦੀਪ ਨੇ ਅੱਗ ਲੱਗੇ ਵਾਹਨ ਵਿੱਚ ਫਸੇ ਚਾਰ ਬੱਚਿਆਂ ਨੂੰ ਬਾਹਰ ਕੱਢਿਆ ਸੀ। ਅਜ਼ਾਮ ਨੇ ਅਮਰਨਾਥ ਗੁਫ਼ਾ ਦੀ ਯਾਤਰਾ ਦੌਰਾਨ ਜ਼ਮੀਨ ਖਿਸਕਣ ਸਬੰਧੀ ਚੌਕਸ ਕਰ ਕੇ ਲੋਕਾਂ ਦੀ ਜਾਨ ਬਚਾਈ ਸੀ। ਇੰਡੀਅਨ ਕੌਂਸਲ ਫਾਰ ਚਾਈਲਡ ਵੈਲਫੇਅਰ (ਆਈਸੀਸੀਡਬਲਿਊ) ਨੇ ਤਿੰਨ ਸਾਲਾਂ ਮਗਰੋਂ 17 ਸੂਬਿਆਂ ਦੇ ਬਹਾਦਰ ਬੱਚਿਆਂ ਨੂੰ ਪੁਰਸਕਾਰ ਦਿੱਤੇ ਹਨ। ਆਈਸੀਸੀਡਬਲਿਊ ਵੱਲੋਂ ਜਾਰੀ ਬਿਆਨ ਮੁਤਾਬਕ, ਸਾਲ 2020, 2021 ਅਤੇ 2022 ਲਈ ਕ੍ਰਮਵਾਰ 22, 16 ਅਤੇ 18 ਬਹਾਦਰ ਬੱਚਿਆਂ ਨੂੰ ਕੌਮੀ ਬਹਾਦਰੀ ਪੁਰਸਕਾਰ ਦਿੱਤੇ ਗਏ।