ਚੰਡੀਗੜ੍ਹ, 16 ਅਕਤੂਬਰ

ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੇਰ ਰਾਤ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨਾਲ ਲੱਗਦੇ ਪੰਜਾਬ ਪੁਲੀਸ ਦੇ ਅੰਮ੍ਰਿਤਸਰ (ਦਿਹਾਤੀ), ਬਟਾਲਾ ਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਨਾਕਿਆਂ ਦੀ ਅਚਨਚੇਤੀ ਚੈਕਿੰਗ ਕੀਤੀ।

ਸ੍ਰੀ ਰੰਧਾਵਾ ਕੌਮਾਂਤਰੀ ਸਰਹੱਦ ਨਾਲ ਲੱਗਦੇ ਅਜਨਾਲਾ, ਡੇਰਾ ਬਾਬਾ ਨਾਨਕ, ਕਲਾਨੌਰ ਖੇਤਰਾਂ ਦੇ ਪੰਜਾਬ ਪੁਲੀਸ ਦੇ ਨਾਕਿਆਂ ਦੀ ਸਥਿਤੀ ਦਾ ਜ਼ਮੀਨੀ ਪੱਧਰ ਉਤੇ ਜਾਇਜ਼ਾ ਲੈਂਦਿਆਂ ਪੁਲੀਸ ਨੂੰ ਚੌਕਸ ਰਹਿਣ ਦੇ ਆਦੇਸ਼ ਦਿੰਦਿਆਂ ਕਿਹਾ ਕਿ ਸੁਰੱਖਿਆ, ਅਮਨ- ਕਾਨੂੰਨ ਦੇ ਮਾਮਲੇ ਵਿੱਚ ਢਿੱਲ ਸਹਿਣ ਨਹੀਂ ਕੀਤੀ ਜਾਵੇਗੀ। ਇਸ ਮਾਮਲੇ ਵਿੱਚ ਕੋਤਾਹੀ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਚੈਕਿੰਗ ਦੌਰਾਨ ਪੂਰੀ ਮੁਸਤੈਦੀ ਨਾਲ ਡਿਊਟੀ ਕਰ ਰਹੇ ਪੁਲੀਸ ਕਰਮੀਆਂ ਦੀ ਗ੍ਰਹਿ ਮੰਤਰੀ ਨੇ ਪਿੱਠ ਥਾਪੜਦਿਆਂ ਕਿਹਾ ਕਿ ਉਹ ਅਚਨਚੇਤ ਉਲੀਕੇ ਇਸ ਪ੍ਰੋਗਰਾਮ ਦੌਰਾਨ ਜਗਦੇਵ ਖ਼ੁਰਦ, ਗਾਗੋ ਮਹਿਲ, ਦਰਿਆ ਮੂਸਾ, ਸਿੰਘਪੁਰਾ, ਘੋਨੇਵਾਲਾ ਪੁੱਲ ਵਿਖੇ ਤਾਇਨਾਤ ਨਾਕਿਆਂ ਉਤੇ ਪੁਲਿਸ ਵੱਲੋਂ ਤਨਦੇਹੀ ਨਾਲ ਡਿਊਟੀ ਨਿਭਾਏ ਜਾਣ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ।ਸ੍ਰੀ ਰੰਧਾਵਾ, ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਨੇ ਆਖਿਆ ਕਿ ਸੂਬੇ ਦੀ ਸੁਰੱਖਿਆ, ਅਮਨ ਤੇ ਸ਼ਾਂਤੀ ਅਤੇ ਦੇਸ਼ ਦੀ ਅਖੰਡਤਾ ਨੂੰ ਕਾਇਮ ਰੱਖਣ ਲਈ ਪੰਜਾਬ ਪੁਲੀਸ ਪੂਰੀ ਤਰ੍ਹਾਂ ਸਮਰੱਥ ਹੈ। ਕੇਂਦਰ ਸਰਕਾਰ ਵੱਲੋਂ ਬੀਐਸਐਫ ਦਾ ਦਾਇਰਾ 50 ਕਿਲੋਮੀਟਰ ਤੱਕ ਵਧਾਉਣ ਦੇ ਫ਼ੈਸਲੇ ਨਾਲ ਸੂਬਿਆਂ ਦੀਆਂ ਪੁਲੀਸ ਬਲਾਂ ਨੂੰ ਕਮਜ਼ੋਰ ਸਿੱਧ ਕਰਨ ਦੇ ਮਨਸੂਬੇ ਸਫਲ ਨਹੀਂ ਹੋਣ ਦਿੱਤੇ ਜਾਣਗੇ। ਉਪ ਮੁੱਖ ਮੰਤਰੀ ਨੇ ਨਾਲ ਹੀ ਸਰਹੱਦੀ ਖੇਤਰ ਦੇ ਪੁਲੀਸ ਅਧਿਕਾਰੀਆਂ ਤੇ ਕਰਮੀਆਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਨਸ਼ਿਆਂ ਅਤੇ ਹਥਿਆਰਾਂ ਦੀ ਸਰਹੱਦ ਪਾਰ ਤੋਂ ਤਸਕਰੀ ਬਾਰੇ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਜਾਵੇ ਅਤੇ ਇਸ ਮਾਮਲੇ ਵਿੱਚ ਕੋਈ ਵੀ ਲਾਪ੍ਰਵਾਹੀ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗਾ। ਉਪ ਮੁੱਖ ਮੰਤਰੀ ਨੇ ਕੁੱਝ ਸੁਆਰਥੀ ਤੱਤਾਂ ਵੱਲੋਂ ਆਪਣੇ ਸੌੜੇ ਹਿੱਤਾਂ ਲਈ ਪੰਜਾਬ ਖ਼ਾਸ ਕਰਕੇ ਕੌਮਾਂਤਰੀ ਸਰਹੱਦ ਨਾਲ ਅਮਨ ਅਤੇ ਕਾਨੂੰਨ ਦੀ ਸਥਿਤੀ ਬਾਰੇ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਖ਼ਿਲਾਫ਼ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਪੰਜਾਬ ਅਤੇ ਇੱਥੋਂ ਦੇ ਲੋਕ ਪੂਰੀ ਤਰ੍ਹਾਂ ਸੁਰੱਖਿਅਤ ਹਨ। ਉਪ ਮੁੱਖ ਮੰਤਰੀ ਨੇ ਦੁਹਰਾਉਂਦਿਆਂ ਕਿਹਾ ਕਿ ਪੰਜਾਬ ਸੁਰੱਖਿਅਤ ਹੱਥਾਂ ਵਿੱਚ ਹੈ ਅਤੇ ਜਦੋਂ ਵੀ ਲੋੜ ਪਈ ਤਾਂ ਹਰ ਕੁਰਬਾਨੀ ਦਿੱਤੀ ਜਾਵੇਗੀ।