ਪੰਜਾਬ ‘ਚ ਥਾਣਿਆਂ ‘ਤੇ ਹਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਗੁਰਦਾਸਪੁਰ ਦੇ ਅਧੀਨ ਪੈਂਦਾ ਕਸਬਾ ਵਡਾਲਾ ਬਾਂਗਰ ਥਾਣੇ ‘ਤੇ ਰਾਤ ਸਮੇਂ ਗ੍ਰੇਨੇਡ ਸੁੱਟਿਆ ਗਿਆ। ਧਮਾਕੇ ਦੀ ਅਵਾਜ਼ ਸੁਣਨ ਤੋਂ ਬਾਅਦ ਲੋਕ ਘਰਾਂ ਤੋਂ ਬਾਹਰ ਆ ਗਏ। ਗ਼ਨੀਮਤ ਹੈ ਕਿ ਇੱਥੇ ਧਮਾਕਾ ਹੋਣ ਦੇ ਨਾਲ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਪਰ ਧਮਾਕੇ ਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ।
ਜਾਣਕਾਰੀ ਅਨੁਸਾਰ ਪਿੰਡ ਵਡਾਲਾ ਬਾਂਗਰ ਰਾਤ ਸਮੇਂ ਧਮਾਕੇ ਨਾਲ ਹਿੱਲ ਗਿਆ। ਜਦੋਂ ਲੋਕ ਡਰਦੇ ਹੋਏ ਘਰਾਂ ਤੋਂ ਬਾਹਰ ਨਿਕਲੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਥਾਣੇ ‘ਤੇ ਗ੍ਰਨੇਡ ਸੁੱਟਿਆ ਗਿਆ ਹੈ। ਲੋਕਾਂ ਵੱਲੋਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਫਿਲਹਾਲ ਇਹ ਬਿਲਡਿੰਗ ਖਾਲੀ ਹੈ ਕਰੀਬ 10 ਦਿਨ ਪਹਿਲਾਂ ਇਸ ਬਿਲਡਿੰਗ ਵਿੱਚ ਵਡਾਲਾ ਬਾਂਗਰ ਚੌਂਕੀ ਚਲਦੀ ਸੀ। ਬਿਲਡਿੰਗ ਖਾਲੀ ਹੋਣ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਸੂਚਨਾ ਮਿਲਣ ਤੋਂ ਬਾਅਦ ਕਈ ਪੁਲਿਸ ਅਧਿਕਾਰੀ ਇਸ ਬਿਲਡਿੰਗ ਵਿੱਚ ਪਹੁੰਚੇ। ਇਸ ਦੇ ਨਾਲ ਹੀ ਰਾਤ ਨੂੰ ਹੋਏ ਧਮਾਕੇ ਤੋਂ ਬਾਅਦ ਫਿਲਹਾਲ ਪੁਲਿਸ ਚੌਕੀ ‘ਚ ਫੋਰੈਂਸਿਕ ਜਾਂਚ ਚੱਲ ਰਹੀ ਹੈ ਅਤੇ ਸੀਨੀਅਰ ਅਧਿਕਾਰੀ ਲਗਾਤਾਰ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ। ਗੁਰਦਾਸਪੁਰ ਦੇ ਕਲਾਨੌਰ ਇਲਾਕੇ ‘ਚ ਪਿਛਲੇ 48 ਘੰਟਿਆਂ ‘ਚ ਇਹ ਦੂਜਾ ਗ੍ਰਨੇਡ ਹਮਲਾ ਹੈ। ਪੰਜਾਬ ‘ਚ 28 ਦਿਨਾਂ ‘ਚ 8 ਵਾਰ ਗ੍ਰੇਨੇਡ ਸੁੱਟੇ ਗਏ ਹਨ।