ਮਾਨਸਾ, 16 ਦਸੰਬਰ

ਪੰਜਾਬ ਕਈ ਇਲਾਕਿਆਂ ਖਾਸ ਤੌਰ ’ਤੇ ਮਾਲਵੇ ਇਲਾਕੇ ਵਿਚ ਅੱਜ ਧੁੰਦ ਨੇ ਆਮ ਜਨ- ਜੀਵਨ‌ ਉਪਰ ਮਾੜਾ ਅਸਰ ਪਾਇਆ ਹੈ। ਧੁੰਦ ਕਾਰਨ ਰੇਲ ਗੱਡੀਆਂ ਅਤੇ ਲੰਬੇ ਰੂਟ ਦੀਆਂ ਬੱਸਾਂ ਲੇਟ ਆ-ਜਾ ਰਹੀਆਂ ਹਨ, ਜਦੋਂ ਕਿ ਆਮ ਆਦਮੀ ਦੀ ਜ਼ਿੰਦਗੀ ਪ੍ਰਭਾਵਿਤ ਹੋਣ ਲੱਗੀ ਹੈ।‌ ਲੋਕ ਘਰਾਂ ਵਿਚੋਂ ਆਮ ਦਿਨਾਂ ਦੇ ਮੁਕਾਬਲੇ ਬਾਹਰ ਘੱਟ ਨਿਕਲੇ ਹਨ ਅਤੇ ਜੋ ਨਿਕਲੇ ਹਨ, ਉਹ ਥਾਂ-ਥਾਂ ਧੂਣੀਆਂ ਬਾਲਕੇ ਸੇਕ ਰਹੇ ਹਨ। ਹਰ ਰੋਜ਼ ਦੇ ਮੁਕਾਬਲੇ ਦੁਕਾਨਾਂ ਵੀ ਦੇਰੀ ਨਾਲ ਖੁੱਲ੍ਹੀਆਂ ਹਨ। ਦਫ਼ਤਰਾਂ ਵਿਚ ਜਾਣ ਵਾਲੇ ਅਧਿਕਾਰੀਆਂ ਕਰਮਚਾਰੀਆਂ ਨੂੰ ਔਖੇ ਹੋਕੇ ਜਾਣਾ ਪਿਆ। ਉਧਰ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਨੇ ਇਸ ਧੁੰਦ ਨੂੰ ਹਾੜ੍ਹੀ ਦੀਆਂ ਫ਼ਸਲਾਂ ਲਈ ਲਾਭਦਾਇਕ ਦੱਸਿਆ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਕੇਂਦਰ ਦੇ ਵਿਗਿਆਨੀ ਗੁਰਜਿੰਦਰ ਸਿੰਘ ਰੋਮਾਣਾ ਦਾ ਕਹਿਣਾ ਹੈ ਕਿ ਇਹ ਧੁੰਦ ਫਸਲਾਂ ਨੂੰ ਘਿਓ ਵਾਂਗ ਕੰਮ ਕਰੇਗੀ। ਇਸ ਨਾਲ ਫਸਲਾਂ ਦਾ ਫੁਟਾਰਾ ਹੋਵੇਗਾ, ਹਾਲਾਂਕਿ ਇਸ ਨਾਲ ਭਾਵੇਂ ਫਸਲਾਂ ਦਾ ਵਾਧਾ ਇੱਕ ਵਾਰ ਰੁਕ ਜਾਂਦਾ ਹੈ। ਉਨ੍ਹਾਂ ਇਸ ਨੂੰ ਕਿੰਨੂਆਂ ਦੀ ਮਿਠਾਸ ਲਈ ਵੀ ਲਾਭਦਾਇਕ ਦੱਸਿਆ ਹੈ।