ਪਟਿਆਲਾ, 28 ਜੁਲਾਈ
ਇੱਥੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪਿਛਲੀਆਂ ਹਕੂਮਤਾਂ ’ਤੇ ਦੋਸ਼ ਲਾਉਂਦਿਆਂ ਆਖਿਆ ਕਿ ਉਨ੍ਹਾਂ ਦੀ ਗੈਰ-ਸੰਜੀਦਗੀ ਹੀ ਸੂਬੇ ਦਾ ਖ਼ਜ਼ਾਨਾ ਖਾਲੀ ਹੋਣ ਦਾ ਕਾਰਨ ਬਣਦੀ ਰਹੀ ਹੈ। ਉਨ੍ਹਾਂ ਕਿਹਾ ਕਿ ਬਹੁਤਾ ਸਮਾਂ ਰਾਜ ਭਾਗ ਭੋਗਣ ਵਾਲੀਆਂ ਰਵਾਇਤੀ ਪਾਰਟੀਆਂ ਲਈ ਸਰਕਾਰੀ ਖਜ਼ਾਨੇ ਦੁਰਵਰਤੋਂ ਆਮ ਜਿਹੀ ਗੱਲ ਸੀ, ਜਿਸ ਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪਿਆ ਹੈ।
ਜਾਣਕਾਰੀ ਮੁਤਾਬਕ ਇਸ ਤੋਂ ਪਹਿਲਾਂ ਖਜ਼ਾਨਾ ਮੰਤਰੀ ਬਣਨ ਮਗਰੋਂ ਪਹਿਲੀ ਵਾਰ ਪਟਿਆਲਾ ਪੁੱਜਣ ’ਤੇ ਹਰਪਾਲ ਚੀਮਾ ਨੂੰ ਇੱਥੇ ਸਰਕਟ ਹਾਊਸ ਵਿੱਚ ਪੁਲੀਸ ਟੁਕੜੀ ਵੱਲੋਂ ਸਲਾਮੀ ਦਿੱਤੀ ਗਈ, ਜਿਸ ਤੋਂ ਬਾਅਦ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਨੂੰ ਛੇਤੀ ਹੀ ਲੀਹ ’ਤੇ ਲਿਆਂਦਾ ਜਾਵੇਗਾ। ਇਸ ਦੌਰਾਨ ਉਨ੍ਹਾਂ ਦਾ ਕਹਿਣਾ ਸੀ ਕਿ ਪਿਛਲੀਆਂ ਹਕੂਮਤਾਂ, ਕੇਂਦਰ ਸਰਕਾਰ ਦੀ ਇਮਦਾਦ ’ਤੇ ਨਿਰਭਰ ਰਹੀਆਂ ਹਨ। ਨੀਅਤ ਸਾਫ਼ ਨਾ ਹੋਣ ਕਰਕੇ ਮਾਲੀਆ ਵਧਾਉਣ ਵੱਲ ਧਿਆਨ ਹੀ ਨਹੀਂ ਦਿੱਤਾ ਤੇ ਇਸ ਕਾਰਨ ਖਜ਼ਾਨੇ ਦੀ ਹਾਲਤ ਕਮਜ਼ੋਰ ਹੁੰਦੀ ਚਲੀ ਗਈ, ਪਰ ‘ਆਪ’ ਸਰਕਾਰ ਨੇ ਮਾਲੀਆ ਵਧਾਉਣ ਵਾਲੀਆਂ ਨੀਤੀਆਂ ਲਿਆਂਦੀਆਂ ਹਨ। ਉਨ੍ਹਾਂ ਦੱਸਿਆ ਕਿ ਐਕਸਾਈਜ਼ ਵਿਚੋਂ ਪਿਛਲੇ ਸਾਲ ਆਏ 6200 ਕਰੋੜ ਮਾਲੀਏ ਦੀ ਵਜਾਏ ਐਤਕੀਂ 9600 ਕਰੋੜ ਰੁਪਏ ਦਾ ਟੀਚਾ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਵਾਅਦੇ ਮੁਤਾਬਿਕ ਪੰਜਾਬ ਸਰਕਾਰ ਵੱਲੋਂ 36 ਹਜ਼ਾਰ ਮੁਲਾਜ਼ਮ ਪੱਕੇ ਕੀਤੇ ਜਾਣਗੇ, ਜਿਸ ਸਬੰਧੀ ਖੁਸ਼ਖਬਰੀ ਮੁੱਖ ਮੰਤਰੀ ਭਗਵੰਤ ਮਾਨ ਛੇਤੀ ਹੀ ਸਾਂਝੀ ਕਰਨਗੇ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ’ਤੇ ਵੱਖ-ਵੱਖ ਵਿਭਾਗਾਂ ਦੇ ਨਿਯਮਾਂ ਦੀ ਕਸੌਟੀ ’ਤੇ ਖਰੇ ਉਤਰਨ ਵਾਲੇ ਸਮੂਹ ਮੁਲਾਜ਼ਮ ਪੱਕੇ ਹੋਣਗੇ। ਪੰਜਾਬੀ ਯੂਨੀਵਰਸਿਟੀ ਬਾਰੇ ਗੱਲਬਾਤ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਯੂਨੀਵਰਸਿਟੀ ਨੂੰ ਮਿਲਦੀ 114 ਕਰੋੜ ਰੁਪਏ ਦੀ ਸਾਲਾਨਾ ਗਰਾਂਟ ਵਧਾ ਕੇ 200 ਕਰੋੜ ਕਰ ਦਿੱਤੀ ਹੈ। ਉਨ੍ਹਾਂ ਯੂਨੀਵਰਸਿਟੀ ਸਿਰ ਚੜ੍ਹੇ 150 ਕਰੋੜ ਰੁਪਏ ਦੇ ਕਰਜ਼ੇ ਨੂੰ ਓਟਣ ਦੇ ਸੰਕੇਤ ਵੀ ਦਿੱਤੇ ਹਨ। ਇਸ ਮੌਕੇ ਵਿਧਾਇਕ ਡਾ. ਬਲਬੀਰ ਸਿੰਘ, ਹਲਕਾ ਇੰਚਾਰਜ ਇੰਦਰਜੀਤ ਸਿੰਘ ਸੰਧੂ ਤੇ ਜ਼ਿਲ੍ਹਾ ਪ੍ਰਧਾਨ ਮੇਘਚੰਦ ਸ਼ੇਰਮਾਜਰਾ ਆਦਿ ਮੌਜੂਦ ਸਨ।