ਚੰਡੀਗੜ੍ਹ, 11 ਜੁਲਾਈ :

ਪੁੱਡਾ ਅਤੇ ਹੋਰ ਵਿਸ਼ੇਸ਼ ਵਿਕਾਸ ਅਥਾਰਟੀਆਂ ਯਾਨੀ ਕਿ ਗਮਾਡਾ, ਪਟਿਆਲਾ ਵਿਕਾਸ ਅਥਾਰਟੀ (ਪੀ.ਡੀ.ਏ.), ਜਲੰਧਰ ਵਿਕਾਸ ਅਥਾਰਟੀ (ਜੇ.ਡੀ.ਏ.), ਗਲਾਡਾ, ਅੰਮ੍ਰਿਤਸਰ ਵਿਕਾਸ ਅਥਾਰਟੀ (ਏ.ਡੀ.ਏ.) ਤੇ ਬਠਿੰਡਾ ਵਿਕਾਸ ਅਥਾਰਟੀ (ਬੀ.ਡੀ.ਏ.) ਨੂੰ ਵੱਖ ਵੱਖ ਪ੍ਰਾਪਰਟੀਆਂ ਦੀ ਨਿਲਾਮੀ ਤੋਂ 71.69 ਕਰੋੜ ਰੁਪਏ ਦੀ ਆਮਦਨ ਹੋਈ ਹੈ। ਇਨ੍ਹਾਂ ਪ੍ਰਾਪਰਟੀਆਂ ਦੀ ਈ-ਨਿਲਾਮੀ ਜੁਲਾਈ ਮਹੀਨੇ ਦੌਰਾਨ ਕੀਤੀ ਗਈ ਹੈ। ਇਹ ਈ-ਨਿਲਾਮੀ 1 ਜੁਲਾਈ 2019 ਨੂੰ ਸ਼ੁਰੂ ਹੋਈ ਸੀ। ਜਿਨ੍ਹਾਂ ਪ੍ਰਾਪਰਟੀਆਂ ਦੀ ਈ-ਨਿਲਾਮੀ ਕੀਤੀ ਗਈ ਹੈ ਉਨ੍ਹਾਂ ਵਿੱਚ ਉਦਯੋਗਿਕ ਪਲਾਟ, ਐਸ.ਸੀ.ਓਜ਼, ਬੂਥ, ਦੋ ਮੰਜ਼ਿਲਾ ਦੁਕਾਨਾਂ, ਬਿਲਟ-ਅਪ ਬੂਥ, ਦੁਕਾਨਾਂ ਅਤੇ ਰਹਾਇਸ਼ੀ ਪਲਾਟ ਸ਼ਾਮਲ ਹਨ।

ਇਸ ਬਾਰੇ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱÎਸਿਆ ਕਿ ਇਸ ਈ-ਨਿਲਾਮੀ ਦੌਰਾਨ ਗਮਾਡਾ ਨੂੰ 43.50 ਕਰੋੜ ਰੁਪਏ, ਜੇ.ਡੀ.ਏ. ਨੂੰ 14.96 ਕਰੋੜ ਰੁਪਏ, ਬੀ.ਡੀ.ਏ. ਨੂੰ 5.38 ਕਰੋੜ ਰੁਪਏ, ਪੀ.ਡੀ.ਏ. ਨੂੰ 3.91 ਕਰੋੜ ਰੁਪਏ, ਗਲਾਡਾ ਨੂੰ 3.29 ਕਰੋੜ ਰੁਪਏ ਅਤੇ ਏ.ਡੀ.ਏ. ਨੂੰ 65 ਲੱਖ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਪ੍ਰਾਪਰਟੀਆਂ ਦੀ ਨਿਲਾਮੀ ਕੀਤੀ ਗਈ ਹੈ ਉਹ ਮੋਹਾਲੀ, ਪਟਿਆਲਾ, ਲੁਧਿਆਣਾ, ਜਲੰਧਰ, ਬਠਿੰਡਾ, ਗੁਰਦਾਸਪੁਰ, ਬਟਾਲਾ, ਮਲੋਟ, ਮੁਕੇਰੀਆਂ, ਫਿਲੌਰ ਤੇ ਅਬੋਹਰ ਵਿਖੇ ਸਥਿਤ ਹਨ।

ਉਨ੍ਹਾਂ ਅੱਗੇ ਦੱÎਸਿਆ ਕਿ ਗਮਾਡਾ ਦੇ ਅਧਿਕਾਰ ਖੇਤਰ ਹੇਠ ਆਉਂਦੇ 0.5 ਏਕੜ ਤੋਂ 1.26 ਏਕੜ ਤੱਕ ਦੇ ਆਕਾਰ ਵਾਲੇ 5 ਉਦਯੋਗਿਕ ਪਲਾਟਾਂ ਦੀ ਸਫ਼ਲਤਾਪੂਰਵਕ ਨਿਲਾਮੀ ਕੀਤੀ ਗਈ ਹੈ। ਇਹ ਉਦਯੋਗਿਕ ਪਲਾਟ ਕੌਮਾਂਤਰੀ ਹਵਾਈ ਅੱਡੇ ਨੇੜੇ ਸੈਕਟਰ 83 ਅਲਫ਼ਾ ਤੇ ਸੈਕਟਰ 101 ਅਲਫ਼ਾ ਵਿਖੇ ਸਥਿਤ ਹਨ। ਇਸ ਦੇ ਇਲਾਵਾ, 3 ਰਹਾਇਸ਼ੀ ਪਲਾਟਾਂ ਅਤੇ 4 ਬੂਥਾਂ ਦੀ ਨਿਲਾਮੀ ਵੀ ਸਫ਼ਲ ਰਹੀ ਹੈ। ਉਨ੍ਹਾਂ ਦੱÎਸਿਆ ਕਿ ਇਹ ਪਲਾਟ ਤੇ ਬੂਥ ਗਮਾਡਾ ਦੇ ਵਿਭਿੰਨ ਖੇਤਰਾਂ/ਪ੍ਰਾਜੈਕਟਾਂ ਵਿੱਚ ਸਥਿਤ ਹਨ।

ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ-ਕਮ-ਕੋ-ਚੇਅਰਮੈਨ, ਪੁੱਡਾ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਇਸ ਈ-ਨਿਲਾਮੀ ਪ੍ਰਤੀ ਸੰਤੁਸ਼ਟੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਨਿਲਾਮ ਕੀਤੀਆਂ ਗਈਆਂ ਪ੍ਰਾਪਰਟੀਆਂ ਦਾ ਕਬਜ਼ਾ ਸ਼ਡਿਊਲ ਅਨੁਸਾਰ ਅਲਾਟੀਆਂ ਨੂੰ ਸੌਂਪ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਈ-ਨਿਲਾਮੀ ਵਿੱਚ ਅਸਫ਼ਲ ਰਹਿਣ ਵਾਲੇ ਬੋਲੀਕਾਰਾਂ ਦਾ ਬਿਆਨਾ ਜਲਦ ਹੀ ਮੋੜ ਦਿੱਤਾ ਜਾਵੇਗਾ।