ਲੁਧਿਆਣਾ : ਪੰਜਾਬ ਦੀਆਂ ਪੁਰਾਣੀਆਂ ਹਾਕੀ ਖਿਡਾਰਨਾਂ ਮਾਸਟਰਜ਼ ਵੋਮੈਨ ਹਾਕੀ ਵੱਲੋਂ ਜਰਖੜ ਹਾਕੀ ਅਕੈਡਮੀ ਦੇ ਸਹਿਯੋਗ ” ਪੰਜਾਬ ਦੀਆਂ ਧੀਆਂ ਦਾ ਹਾਕੀ ਮੇਲਾ” 22 ਅਤੇ 23 ਮਾਰਚ 2025 ਨੂੰ ਮਾਤਾ ਸਾਹਿਬ ਕੌਰ ਖੇਡ ਕੰਪਲੈਕਸ ਜਰਖੜ ਦੇ ਐਸੋਟਰੋਟਰਫ ਹਾਕੀ ਮੈਦਾਨ ਉੱਪਰ ਕਰਵਾਇਆ ਜਾ ਰਿਹਾ ਹੈ । ਇਸ ਟੂਰਨਾਮੈਂਟ ਵਿੱਚ ਪੰਜਾਬ ਅਤੇ ਹਿਮਾਚਲ ਚੋਂ 6 ਟੀਮਾਂ ਹਿੱਸਾ ਲੈਣਗੀਆਂ । ਇਸ ਚੈਂਪੀਅਨਸ਼ਿਪ ਦੇ ਵਿੱਚ ਭਾਗ ਲੈਣ ਵਾਲੀਆਂ ਸਾਰੀਆਂ ਲੜਕੀਆਂ 35 ਸਾਲ ਤੋ ਉੱਪਰ ਉਮਰ ਦੀਆਂ ਹੋਣਗੀਆਂ। ਇਸ ਚੈਂਪੀਅਨਸ਼ਿਪ ਦਾ ਮੁੱਖ ਮਕਸਦ ਪੁਰਾਣੀਆ ਹਾਕੀ ਖਿਡਾਰਨਾਂ ਨੂੰ ਹਾਕੀ ਨਾਲ ਜੁੜੇ ਰਹਿਣਾ ਅਤੇ ਨਵੇਂ ਬੱਚਿਆਂ ਲਈ ਪ੍ਰੇਰਨਾ ਸਰੋਤ ਬਣੇ ਰਹਿਣਾ ਹੈ । ਇਸ ਟੂਰਨਾਮੈਂਟ ਦੇ ਮੁੱਖ ਸਪੋਂਸਰ ਬਲਵਿੰਦਰ ਕੌਰ ਕੰਗ ਯੂਐਸਏ, ਨਿਸ਼ਾ ਥਿੰਦ ਯੂਐਸਏ,ਡਾਕਟਰ ਕੀਰਤੀ ਰੰਧਾਵਾ ਕੈਨੇਡਾ, ਹਰਸਿਮਰਨਜੋਤ ਕੌਰ ਕਨੇਡਾ ਹੋਣਗੇ।
ਅੱਜ ਜਰਖੜ ਖੇਡ ਸਟੇਡੀਅਮ ਵਿਖੇ ਇਸ ਚੈਂਪੀਅਨਸ਼ਿਪ ਸਬੰਧੀ ਜਰੂਰੀ ਮੀਟਿੰਗ ਮੁੱਖ ਪ੍ਰਬੰਧਕ ਅਰਵਿੰਦਰ ਕੌਰ ਰੋਜੀ , ਸ੍ਰੀਮਤੀ ਸੋਨੀਆ ਅਤੇ ਜਰਖੜ ਹਾਕੀ ਅਕੈਡਮੀ ਵੱਲੋਂ ਜਗਰੂਪ ਸਿੰਘ ਜਰਖੜ , ਗੁਰਸਤਿੰਦਰ ਸਿੰਘ ਪ੍ਰਗਟ, ਪਰਮਜੀਤ ਸਿੰਘ ਪੰਮਾ ਗਰੇਵਾਲ, ਪਵਨਪ੍ਰੀਤ ਸਿੰਘ ਡੰਗੋਰਾ , ਰਘਵੀਰ ਸਿੰਘ ਆਦਿ ਹੋਰ ਪ੍ਰਬੰਧਕ ਹਾਜ਼ਰ ਸਨ। ਉਹਨਾਂ ਦੱਸਿਆ ਕਿ ਟੂਰਨਾਮੈਂਟ ਦੀਆਂ ਤਿਆਰੀਆਂ ਪੂਰੀਆਂ ਮੁਕੰਮਲ ਹੋ ਚੁੱਕੀਆਂ ਹਨ।
ਸਾਰੀਆਂ ਟੀਮਾਂ ਨੂੰ ਖਾਣ ਪੀਣ ਅਤੇ ਰਹਿਣ ਸਹਿਣ ਦੀਆਂ ਵਧੀਆ ਸਹੂਲਤਾਂ ਜਰਖੜ ਸਟੇਡੀਅਮ ਵਿਖੇ ਹੀ ਮੁਹਈਆ ਕੀਤੀਆਂ ਜਾਣਗੀਆਂ । ਇਸ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੀਆਂ ਟੀਮਾਂ ਨੂੰ 2 ਵੱਖ ਵੱਖ ਪੂਲਾਂ ਵਿੱਚ ਵੰਡਿਆ ਗਿਆ ਹੈ । ਪੂਲ ਏ ਵਿੱਚ ਹਿਮਾਚਲ ਪ੍ਰਦੇਸ਼ ,ਚੰਡੀਗੜ੍ਹ , ਹੋਸ਼ਿਆਰਪੁਰ ਦੀਆਂ ਟੀਮਾਂ ਖੇਡਣਗੀਆਂ ਜਦਕਿ ਪੂਲ ਬੀ ਵਿੱਚ ਜਲੰਧਰ, ਸੰਗਰੂਰ ਅਤੇ ਮੁਕਤਸਰ ਦੀਆਂ ਟੀਮਾਂ ਖੇਡਣਗੀਆਂ। ਦੋਵਾਂ ਪੂਲਾਂ ਵਿੱਚੋਂ ਪਹਿਲੇ 2 ਸਥਾਨਾਂ ਤੇ ਰਹਿਣ ਵਾਲੀਆਂ ਟੀਮਾਂ ਸੈਮੀ ਫਾਈਨਲ ਲਈ ਕੁਲੀਫਾਈ ਕਰਨਗੀਆਂ। ਧੀਆਂ ਦੇ ਹਾਕੀ ਮੇਲੇ ਦਾ ਉਦਘਾਟਨ 1982 ਏਸ਼ੀਅਨ ਖੇਡਾਂ ਦੇ ਜੇਤੂ ਖਿਡਾਰਨ ਉਲੰਪੀਅਨ ਸ੍ਰੀਮਤੀ ਸ਼ਰਨਜੀਤ ਕੌਰ , ਸ੍ਰੀਮਤੀ ਡਾਕਟਰ ਸੁਖਚੈਨ ਕੌਰ ਗੋਗੀ ਬਸੀ ਕਰਨਗੇ। ਉਦਘਾਟਨੀ ਸਮਾਰੋਹ ਦੇ ਮੌਕੇ ਪ੍ਰਾਇਮਰੀ ਸਕੂਲ ਜਰਖੜ ਦੇ ਹਾਕੀ ਖੇਡਦੇ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ।