ਅਲੀਗੜ੍ਹ (ਯੂਪੀ), 2 ਨਵੰਬਰ

ਇਥੇ ਹਾਈਵੇਅ ’ਤੇ ਨਿੱਜੀ ਬੱਸ ਨੇ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਅੱਧੀ ਦਰਜਨ ਤੋਂ ਵੱਧ ਜ਼ਖ਼ਮੀ ਹੋ ਗਏ। ਇਹ ਘਟਨਾ ਮੰਗਲਵਾਰ ਰਾਤ ਨੂੰ ਜੱਟਾਰੀ ਅਤੇ ਤੱਪਲ ਟਾਊਨਸ਼ਿਪ ਦੇ ਵਿਚਕਾਰ ਹੋਈ। ਪੁਲੀਸ ਨੇ ਦੱਸਿਆ ਕਿ ਤਿੰਨ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੋ ਨੇ ਹਸਪਤਾਲ ‘ਚ ਦਮ ਤੋੜ ਦਿੱਤਾ। ਉਨ੍ਹਾਂ ਦੱਸਿਆ ਕਿ ਪੰਜਾਬ ਤੋਂ ਆ ਰਹੀ ਪ੍ਰਾਈਵੇਟ ਬੱਸ ਨੇ ਅਚਾਨਕ ਕੰਟਰੋਲ ਗੁਆ ਦਿੱਤਾ ਅਤੇ ਕਾਰਾਂ, ਟੈਂਪੂ ਅਤੇ ਦੋਪਹੀਆ ਵਾਹਨਾਂ ਸਮੇਤ ਦਰਜਨ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਪੁਲੀਸ ਅਤੇ ਜ਼ਿਲ੍ਹਾ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਚਸ਼ਮਦੀਦਾਂ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੱਸ ਡਰਾਈਵਰ, ਜੋ ਕਥਿਤ ਨਸ਼ੇ ਵਿੱਚ ਸੀ, ਨੇ ਸੜਕ ‘ਤੇ ਖੜ੍ਹੇ ਟੈਂਪੂ ਨੂੰ ਟੱਕਰ ਮਾਰ ਦਿੱਤੀ।