ਚੰਡੀਗੜ੍ਹ,6 ਦਸੰਬਰ
ਪੰਜਾਬ ਤੇ ਹਰਿਆਣਾ ਵਿੱਚ ਜ਼ਿਆਦਾਤਰ ਥਾਵਾਂ ਉਤੇ ਘੱਟੋ ਘੱਟ ਤਾਪਮਾਨ ਵਿੱਚ ਥੋੜ੍ਹਾ ਵਾਧਾ ਹੋਇਆ ਹੈ। ਦੋਵਾਂ ਸੂਬਿਆਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿੱਚ ਘੱਟੋ ਘੱਟ ਤਾਪਮਾਨ 10.9 ਡਿਗਰੀ ਸੈਲਸੀਅਸ ਦਰਜ ਹੋਇਆ, ਜੋ ਆਮ ਨਾਲੋਂ ਤਿੰਨ ਡਿਗਰੀ ਵੱਧ ਹੈ।
ਮੌਸਮ ਵਿਭਾਗ ਅਨੁਸਾਰ ਅੰਮ੍ਰਿਤਸਰ 5.6 ਡਿਗਰੀ ਸੈਲਸੀਅਸ ਤਾਪਮਾਨ ਨਾਲ ਪੰਜਾਬ ਵਿੱਚੋਂ ਸਭ ਤੋਂ ਠੰਢਾ ਹੈ ਪਰ ਇਸ ਪਵਿੱਤਰ ਸ਼ਹਿਰ ਦਾ ਰਾਤ ਦਾ ਤਾਪਮਾਨ ਆਮ ਨਾਲੋਂ ਇਕ ਡਿਗਰੀ ਵੱਧ ਹੈ। ਲੁਧਿਆਣਾ ਵਿੱਚ ਪਾਰਾ 7.3 ਡਿਗਰੀ ਸੈਲਸੀਅਸ ਰਿਹਾ, ਜੋ ਆਮ ਹੱਦ ਦੇ ਘੇਰੇ ਵਿੱਚ ਹੈ। ਪਟਿਆਲਾ ਵਿੱਚ ਘੱਟੋ ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਰਿਹਾ, ਜੋ ਆਮ ਹੱਦ ਤੋਂ ਦੋ ਡਿਗਰੀ ਵੱਧ ਹੈ। ਗੁਰਦਾਸਪੁਰ ਦਾ ਤਾਪਮਾਨ ਆਮ ਤੋਂ ਦੋ ਡਿਗਰੀ ਵੱਧ ਨੌਂ ਡਿਗਰੀ ਸੈਲਸੀਅਸ ਰਿਹਾ, ਜਦੋਂ ਕਿ ਆਦਮਪੁਰ ਵਿੱਚ ਪਾਰਾ 5.1 ਡਿਗਰੀ ਸੈਲਸੀਅਸ ਦਰਜ ਹੋਇਆ।
ਇਸ ਦੌਰਾਨ ਸ੍ਰੀਨਗਰ ਵਿੱਚ ਬੀਤੀ ਰਾਤ ਇਸ ਸੀਜ਼ਨ ਦੀ ਸਭ ਤੋਂ ਠੰਢੀ ਰਾਤ ਰਹੀ। ਸ਼ਹਿਰ ਵਿੱਚ ਘੱਟੋ ਘੱਟ ਤਾਪਮਾਨ ਮਨਫ਼ੀ 3.8 ਡਿਗਰੀ ਸੈਲਸੀਅਸ ਰਿਹਾ। ਰਾਜ ਵਿੱਚ ਲੇਹ ਸ਼ਹਿਰ ਵਿੱਚ ਵੀ ਪਾਰਾ ਮਨਫ਼ੀ ਤੋਂ ਥੱਲੇ ਚੱਲ ਰਿਹਾ ਹੈ। ਲੱਦਾਖ ਖਿੱਤੇ ਸਣੇ ਪੂਰੀ ਕਸ਼ਮੀਰ ਡਿਵੀਜ਼ਨ ਵਿੱਚ ਰਾਤ ਦਾ ਤਾਪਮਾਨ ਜਮਾਓ ਦਰਜੇ ਤੋਂ ਥੱਲੇ ਰਿਹਾ। ਲੱਦਾਖ ਖਿੱਤੇ ਵਿੱਚ ਲੇਹ ਵਿਖੇ ਬੀਤੀ ਰਾਤ ਪਾਰਾ ਮਨਫ਼ੀ 10.5 ਡਿਗਰੀ ਰਿਹਾ, ਜਦੋਂ ਕਿ ਇਸ ਤੋਂ ਪਿਛਲੀ ਰਾਤ ਮਨਫ਼ੀ 12 ਡਿਗਰੀ ਸੈਲਸੀਅਸ ਤਾਪਮਾਨ ਵਿੱਚ ਬੀਤੀ।
ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਅਗਲੇ ਕੁੱਝ ਦਿਨਾਂ ਵਿੱਚ ਵੀ ਮੌਸਮ ਖ਼ੁਸ਼ਕ ਬਣਿਆ ਰਹੇਗਾ, ਜਿਸ ਕਾਰਨ ਪਾਰਾ ਹੋਰ ਡਿੱਗਣ ਦੀ ਸੰਭਾਵਨਾ ਹੈ। ਦੱਖਣੀ ਕਸ਼ਮੀਰ ਦੇ ਕਾਜ਼ੀਗੁੰਡ ਵਿੱਚ ਤਾਪਮਾਨ ਮਨਫ਼ੀ 3.2 ਡਿਗਰੀ ਸੈਲਸੀਅਸ ਰਿਹਾ। ਕੋਕਰਨਾਗ ਸ਼ਹਿਰ ਵਿੱਚ ਪਾਰਾ ਮਨਫ਼ੀ 1.4 ਡਿਗਰੀ ਸੈਲਸੀਅਸ ਰਿਹਾ। ਉੱਤਰੀ ਕਸ਼ਮੀਰ ਦੇ ਕੁਪਵਾੜਾ ਸ਼ਹਿਰ ਵਿੱਚ ਤਾਪਮਾਨ ਮਨਫ਼ੀ 3.2, ਗੁਲਮਰਗ ਵਿੱਚ ਮਨਫ਼ੀ 4.5 ਅਤੇ ਪਹਿਲਗਾਮ ਵਿੱਚ ਮਨਫ਼ੀ 4.4 ਡਿਗਰੀ ਰਿਹਾ।