– ਮੋਦੀ ਸਰਕਾਰ ਨੇ ਸਿੱਖਾਂ ਦੇ ਹਿੱਤ ਵਿਚ ਵੱਡੇ ਫੈਸਲੇ ਲਏ : ਹਰਸਿਮਰਤ ਬਾਦਲ
– ਸਿੱਖ ਮਸਲੇ ਹੱਲ ਕਰਵਾਉਣ ਦਾ ਸਿਹਰਾ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਦੇ ਸਿਰ : ਸਿਰਸਾ
ਨਵੀਂ ਦਿੱਲੀ, 20 ਦਸੰਬਰ : ਸਿਟੀਜ਼ਨਸ਼ਿਪ ਐਕਟ ਲਈ ਧੰਨਵਾਦ ਕਰਨ ਵਾਸਤੇ ਅਫਗਾਨਿਸਤਾਨ ਦੇ ਸਿੱਖਾਂ ਅਤੇ ਹਿੰਦੂਆਂ ਦੇ ਵਫਦ ਨੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨਾਲ ਮੁਲਾਕਾਤ ਕੀਤੀ।
ਇਸ ਮੌਕੇ ਹਾਜ਼ਰ ਸੰਗਤ ਨੂੰ ਸੰਬੋਧਨ ਕਰਦਿਆਂ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਸੰਗਤ ਨੂੰ ਵਧਾਈ ਦਿੰਦੇ ਹਨ ਕਿ ਇੰਨੇ ਸਾਲਾਂ ਦੀ ਮੰਗ ਪੂਰੀ ਹੋਈ ਹੈ। ਉਹਨਾਂ ਕਿਹਾ ਕਿ ਉਹ ਨਾਗਰਿਕਤਾ ਐਕਟ ਰਾਹੀਂ ਸਿੱਖਾਂ ਦਾ ਮਸਲਾ ਹੱਲ ਕਰਨ ਵਾਸਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਵੀ ਧੰਨਵਾਦ ਕਰਦੇ ਹਨ।
ਉਹਨਾਂ ਕਿਹਾ ਕਿ ਇਹ ਨਾਗਰਿਕਤਾ ਹੱਕ ਹਾਸਲ ਕਰਨ ਵਾਸਤੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੀਆਂ ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਹੁਣ ਇਹ ਦਿਨ ਆਇਆ ਹੈ।
ਸ੍ਰੀ ਬਾਦਲ ਨੇ ਕਿਹਾ ਕਿ ਇਸ ਨਾਗਰਿਕਤਾ ਐਕਟ ਦੇ ਮਾਮਲੇ ‘ਤੇ ਅੱਜ ਕੁਝ ਵਿਅਕਤੀਆਂ ਵੱਲੋਂ ਆਲੋਚਨਾ ਕੀਤੀ ਜਾ ਰਹੀ ਹੈ ਪਰ ਉਹ ਦੱਸਣਾ ਚਾਹੁੰਦੇ ਹਨ ਕਿ ਆਲੋਚਨਾ ਕਰਨੀ ਸੌਖੀ ਹੈ ਪਰ ਸਾਡੇ ਨਾਲ ਕੀ ਬੀਤੀ ਹੈ, ਇਹ ਅਸੀਂ ਹੀ ਜਾਣਦੇ ਹਾਂ। ਉਹਨਾਂ ਕਿਹਾ ਕਿ ਅਫਗਾਨਿਸਤਾਨ ਦਾ ਸਾਰਾ ਅਰਥਚਾਰਾ ਸਿੱਖਾਂ ਨੇ ਸੰਭਾਲਿਆ ਹੋਇਆ ਸੀ ਤੇ ਸਿੱਖ ਸਾਰਾ ਕੁਝ ਹਰਿਆ ਭਰਿਆ ਛੱਡ ਕੇ ਅਫਗਾਨਿਸਤਾਨ ਤੋਂ ਇਥੇ ਆਏ ਸਨ। ਉਹਨਾਂ ਕਿਹਾ ਕਿ ਤਾਲਿਬਾਨ ਦੇ ਆਉਣ ਤੋਂ ਬਾਅਦ ਹਾਲਾਤ ਵਿਗੜੇ ਗਏ ਤੇ ਹੁਣ ਨਾਂ ਮਾਤਰ ਸਿੱਖ ਅਫਗਾਨਿਸਤਾਨ ਵਿਚ ਰਹਿ ਗਏ। ਉਹਨਾਂ ਕਿਹਾ ਕਿ ਉਹਨਾਂ ਨੇ ਸੰਸਦ ਵਿਚ ਵੀ ਆਵਾਜ਼ ਉਠਾਈ ਸੀ ਕਿ 80 ਹਜ਼ਾਰ ਸਿੱਖ ਜੋ ਪਿਛਲੇ 30 ਸਾਲ ਤੋਂ ਅਫਗਾਨਿਸਤਾਨ ਤੋਂ ਆ ਕਕੇ ਦੇਸ਼ ਵਿਚ ਬੈਠੇ ਹਨ। ਉਹਨਾਂ ਕਿਹਾ ਕਿ ਦੁਨੀਆਂ ਦੇ ਹੋਰ ਮੁਲਕਾਂ ਵਿਚ ਦੋ ਦੋ ਸਾਲ ਵਿਚ ਸਿਟੀਜ਼ਨਸ਼ਿਪ ਮਿਲ ਜਾਂਦੀ ਹੈ ਤੇ ਭਾਰਤ ਨੂੰ ਵੀ ਸੌੜੀ ਸੋਚ ਦੀ ਥਾਂ ਵੱਡੀ ਦਲੇਰੀ ਵਿਖਾਉਣੀ ਚਾਹੀਦੀ ਹੈ ਅਤੇ ਜਿਹੜਾ ਧਰਮ ਰਹਿ ਗਿਆ, ਉਸਨੂੰ ਵੀ ਬਿੱਲ ਵਿਚ ਜੋੜਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਇਹ ਬਹੁਤ ਦਲੇਰੀ ਵਾਲਾ ਵੱਡਾ ਫੈਸਲਾ ਹੈ ਸਿਟੀਜ਼ਨਸ਼ਿਪ ਬਿੱਲ ਦੇ ਰੂਪ ਵਿਚ ਲਿਆ ਗਿਆ ਹੈ।
ਉਹਨਾਂ ਇਸ ਮੌਕੇ ਐਲਾਨ ਕੀਤਾ ਕਿ ਜੇਕਰ ਪੰਜਾਬ ਵਿਚ ਕੋਈ ਰੁਕਾਵਟ ਆਈ ਤਾਂ ਅਸੀਂ ਯਕੀਨੀ ਬਣਾਵਾਂਗੇ ਕਿ ਕੋਈ ਮੁਸ਼ਕਿਲ ਨਾ ਆਵੇ ਅਤੇ ਦਿੱਲੀ ਵਿਚ ਵੀ ਕੋਈ ਮੁਸ਼ਕਿਲ ਆਈ ਤਾਂ ਦਿੱਲੀ ਗੁਰਦੁਆਰਾ ਕਮੇਟੀ ਤੇ ਸਾਰਾ ਅਕਾਲੀ ਦਲ ਲਈ ਇਸ ਮਾਮਲੇ ਵਿਚ ਅੱਗੇ ਹੋ ਕੇ ਲੜਾਈ ਲੜੇਗਾ।
ਇਸ ਮੌਕੇ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਬਹੁਤ ਵੱਡੀ ਰਹਿਮਤ ਗੁਰੂ ਸਾਹਿਬ ਨੇ ਕੀਤੀ ਹੈ ਕਿ ਇਹ ਬਿੱਲ ਹੁਣ ਐਕਟ ਬਣ ਗਿਆ ਹੈ। ਉਹਨਾਂ ਕਿਹਾ ਕਿ ਅਫਗਾਨਿਸਤਾਨ ਦੇ ਸਿੱਖਾਂ ਨੇ ਆਪਣੇ ਧਰਮ ਨੂੰ ਜਿਉਦੇਰੱਖਣ ਵਾਸਤੇ ਆਪਣਾ ਦੇਸ਼ ਤੇ ਸਾਰਾ ਘਰਬਾਰ ਛੱਡਿਆ ਤੇ ਆਪਣਿਆਂ ਦੇ ਵਿਚ ਵਾਪਸ ਆਏ ਹਨ। ਉਹਨਾਂ ਕਿਹਾ ਕਿ ਜਿਹੜੇ ਐਕਟ ਦਾ ਵਿਰੋਧ ਕਰ ਰਹੇ ਹਨ, ਉਹ ਅਫਗਾਨਿਸਤਾਨ ਦੇ ਸਿੱਖਾਂ ਦੀ ਥਾਂ ‘ਤੇ ਖੜੇ ਹੋ ਕੇ ਵੇਖਣ ਤਾਂ ਮਹਿਸੂਸ ਕਰਨਗੇ ਕਿ ਕਿੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਇਹਨਾਂ ਸਿੱਖਾਂ ਨੇ ਕੀਤਾ ਹੈ। ਉਹਨਾਂ ਕਿਹਾ ਕਿ ਚੰਗੇ ਭਾਗਾਂ ਨੂੰ 550 ਸਾਲਾ ਪ੍ਰਕਾਸ਼ ਪੁਰਬ ਦੇ ਸਾਲ ਵਿਚ ਇਹ ਫੈਸਲਾ ਨਾਗਰਿਕਤਾ ਬਾਰੇ ਹੋਇਆ।
ਉਹਨਾਂ ਕਿਹਾ ਕਿ ਮੋਦੀ ਸਰਕਾਰ ਨੇ ਹੀ ਕਰਤਾਰਪੁਰ ਸਾਹਿਬ ਲਾਂਘਾ ਬਣਾਉਣ, ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਵਿਸ਼ਵ ਪੱਧਰ ‘ਤੇ ਮਨਾਉਣ ਅਤੇ 1984 ਸਿੱਖ ਕਤਲੇਆਮ ਦੇ ਕਾਤਲਾਂ ਨੂੰ ਸਜ਼ਾਵਾਂ ਦੁਆਉਣ ਵਰਗੇ ਵੱਡੇ ਵੱਡੇ ਕੰਮ ਕੀਤੇ ਹਨ ਤੇ ਹੁਣ ਅਫਗਾਨਿਸਤਾਨ, ਪਾਕਿਸਤਾਨ ਤੇ ਬੰਗਲਾਦੇਸ਼ ਤੋਂ ਆਉਣ ਵਾਲੇ ਸਿੱਖਾਂ ਵਾਸਤੇ ਅਹਿਮ ਫੈਸਲਾ ਲਿਆ ਹੈ ਜਿਸ ਲਈ ਅਸੀਂ ਪ੍ਰਧਾਨ ਮੰਤਰੀ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਧੰਨਵਾਦ ਹਾਂ।
ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ੍ਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਸਿਟੀਜ਼ਨਸ਼ਿਪ ਐਕਟ ਰਾਹੀਂ ਸਿੱਖਾਂ ਦੀ ਚਿਰੋਕਣੀ ਮੰਗ ਪੂਰੀ ਹੋਈ ਹੈ ਤੇ ਉਹ ਇਹ ਕੰਮ ਪ੍ਰਵਾਨ ਚੜਾਉਣ ਦਾ ਸਿਹਰਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਸਿਰ ਬੱਝਣਾ ਹੈ ਜਿਹਨਾਂ ਦੇ ਉਹ ਧੰਨਵਾਦੀ ਹਨ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਦੇਸ਼ ਵਿਚ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਹੈ ਜਿਸਨੇ ਹਮੇਸ਼ਾ ਅੱਗੇ ਹੋ ਕੇ ਵੱਖ ਵੱਖ ਲੜਾਈਆਂ ਲੜੀਆਂ ਹਨ ਅਤੇ ਲੜਦਾ ਰਹੇਗਾ।