ਚੰਡੀਗੜ੍ਹ : ਪੰਜਾਬ ਵਿੱਚ ਰੋਡਵੇਜ਼, ਪਨਬਸ ਅਤੇ ਪੀਆਰਟੀਸੀ ਦੇ ਠੇਕਾ ਮੁਲਾਜ਼ਮਾਂ ਦੀ ਹੜਤਾਲ ਖਤਮ ਹੋ ਗਈ ਹੈ। 1,600 ਬੱਸਾਂ ਮੁੜ ਚਾਲੂ ਹੋ ਗਈਆਂ ਹਨ। ਸਾਰੇ ਰੂਟਾਂ ‘ਤੇ ਬੱਸ ਸੇਵਾ ਬਹਾਲ ਕਰ ਦਿੱਤੀ ਗਈ ਹੈ। ਪਿਛਲੇ ਪੰਜ ਦਿਨਾਂ ਤੋਂ ਸਰਕਾਰੀ ਬੱਸਾਂ ਦਾ ਸੰਚਾਲਨ ਲਗਭਗ ਠੱਪ ਸੀ। ਜਿਸ ਕਾਰਨ ਅਕਸਰ ਬੱਸ ਚ ਸਫ਼ਰ ਕਰਨ ਵਾਲਿਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।

ਰੋਡਵੇਜ਼, ਪੀਐਨਬੀ ਅਤੇ ਪੀਆਰਟੀਸੀ ਕੰਟਰੈਕਟ ਵਰਕਰਾਂ ਦੇ ਯੂਨੀਅਨ ਆਗੂਆਂ ਨੇ ਐਤਵਾਰ ਨੂੰ ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ਕੀਤੀ ਸੀ, ਪਰ ਵਰਕਰ ਸੋਮਵਾਰ ਅਤੇ ਮੰਗਲਵਾਰ ਦੁਪਹਿਰ ਤੱਕ ਕੰਮ ‘ਤੇ ਵਾਪਸ ਨਹੀਂ ਆਏ। ਯੂਨੀਅਨ ਆਗੂਆਂ ਨੇ ਹਿਰਾਸਤ ‘ਚ ਲਏ ਸਾਥੀ ਮੁਲਾਜ਼ਮਾਂ ਦੀ ਰਿਹਾਈ ਅਤੇ ਮੁਲਾਜ਼ਮਾਂ ਦੀ ਨੌਕਰੀ ਬਹਾਲੀ ਦੀ ਮੰਗ ਲਈ ਰੋਸ ਪ੍ਰਦਰਸ਼ਨ ਜਾਰੀ ਰੱਖਿਆ।

ਮੁਲਾਜ਼ਮਾਂ ਦਾ ਦੋਸ਼ ਸੀ ਕਿ ਸਰਕਾਰ ਨੇ 28 ਨਵੰਬਰ ਨੂੰ ਇੱਕ ਗੇਟ ਰੈਲੀ ਦੌਰਾਨ ਕਈ ਯੂਨੀਅਨ ਆਗੂਆਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਹਿਰਾਸਤ ਵਿੱਚ ਲਿਆ ਸੀ। ਵਿਰੋਧ ਵਿੱਚ ਉਨ੍ਹਾਂ ਨੇ ਹੜਤਾਲ ਜਾਰੀ ਰੱਖੀ। ਮੁਲਾਜ਼ਮਾਂ ਨੇ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਹੜਤਾਲ ਜਾਰੀ ਰਹੇਗੀ।

ਠੇਕਾ ਮੁਲਾਜ਼ਮਾਂ ਦੇ ਆਗੂਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਹਿਰਾਸਤ ਵਿਚ ਲਏ ਗਏ ਸਾਥੀਆਂ ਨੂੰ ਛੱਡਣ ਅਤੇ ਹੋਰ ਮੰਗਾਂ ਨੂੰ ਲੈ ਕੇ ਸਰਕਾਰ ਨਾਲ ਸਹਿਮਤੀ ਬਣੀ ਹੈ, ਜਿਸ ਤੋਂ ਬਾਅਦ ਲੋਕਾਂ ਦੀ ਸਹੂਲਤਾਂ ਨੂੰ ਦੇਖਦੇ ਹੋਏ ਉਹਨਾਂ ਵਲੋਂ ਹੜਤਾਲ ਵਾਪਿਸ ਲੈਣ ਦਾ ਫੈਸਲਾ ਲਿਆ ਗਿਆ ਹੈ। ਇਸ ਤੋਂ ਪਹਿਲਾਂ ਹੜਤਾਲ ਕਾਰਨ ਆਮ ਲੋਕਾਂ ਨੂੰ ਸਰਕਾਰੀ ਬੱਸਾਂ ਦੇ ਚੱਕੇ ਜਾਮ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।