* ਕਾਰੋਬਾਰੀਆਂ ਨਾਲ ਜੁੜੀਆਂ 57 ਹੋਰ ਸੁਵਿਧਾਵਾਂ ਜਲਦੀ ਸ਼ੁਰੂ ਕਰਾਂਗੇ: ਭਗਵੰਤ ਮਾਨ
* ਮਿਲਣੀ ’ਚ ਓਸਵਾਲ, ਹੀਰੋ ਤੇ ਵਰਧਮਾਨ ਗਰੁੱਪ ਦੇ ਮਾਲਕ ਹੋਏ ਸ਼ਾਮਲ
ਲੁਧਿਆਣਾ, 16 ਸਤੰਬਰ
ਸੂਬੇ ਦੀ ਆਰਥਿਕ ਰਾਜਧਾਨੀ ਲੁਧਿਆਣਾ ਵਿੱਚ ਹੋਈ ਪੰਜਾਬ ਸਰਕਾਰ ਤੇ ਸਨਅਤਕਾਰ ਮਿਲਣੀ ਨੂੰ ਸਨਅਤਕਾਰਾਂ ਦਾ ਹਾਂ ਪੱਖੀ ਹੁੰਗਾਰਾ ਮਿਲਿਆ ਹੈ। ਇਸ ਮਿਲਣੀ ਵਿੱਚ ਸੂਬੇ ਦੇ ਵੱਡੇ ਸਨਅਤੀ ਘਰਾਣਿਆਂ ਦੇ ਮਾਲਕਾਂ ਨੇ ਹਿੱਸਾ ਲਿਆ ਅਤੇ ‘ਆਪ’ ਸਰਕਾਰ ਦੇ ਉਪਰਾਲੇ ਦੀ ਸ਼ਲਾਘਾ ਕੀਤੀ।
ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਯਤਨਾਂ ਸਦਕਾ ਸਨਅਤ ਦੇ ਪੰਜਾਬ ਵਿੱਚੋਂ ਹਿਜਰਤ ਕਰਨ ਦੇ ਰੁਝਾਨ ਨੇ ਪੁੱਠਾ ਮੋੜਾ ਲੈਣਾ ਸ਼ੁਰੂ ਕਰ ਦਿੱਤਾ ਹੈ ਅਤੇ ਉਦਯੋਗਿਕ ਇਕਾਈਆਂ ਹੁਣ ਮੁੜ ਸੂਬੇ ਵੱਲ ਤਬਦੀਲ ਹੋਣ ਲੱਗੀਆਂ ਹਨ। ਪਿਛਲੇ ਕੁਝ ਮਹੀਨਿਆਂ ਦੌਰਾਨ 450 ਉਦਯੋਗ ਹੋਰ ਸੂਬਿਆਂ ਤੋਂ ਪੰਜਾਬ ਵਿੱਚ ਤਬਦੀਲ ਹੋਏ ਹਨ। ਇਸ ਤੋਂ ਪਹਿਲਾਂ ਉਦਯੋਗ ਦਾ ਪੰਜਾਬ ਤੋਂ ਦੂਜੇ ਸੂਬਿਆਂ ਵੱਲ ਹਿਜਰਤ ਕਰਨ ਦਾ ਰੁਝਾਨ ਸੀ। ਦਿੱਲੀ ਦੇ ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਸਨਅਤੀ ਖੇਤਰ ਵਿੱਚ ਦੇਸ਼ ਭਰ ਵਿੱਚੋਂ ਸਿਰਫ ਪੰਜਾਬੀ ਹੀ ਚੀਨ ਦਾ ਏਕਾਧਿਕਾਰ ਖ਼ਤਮ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਸਨਅਤਕਾਰਾਂ ਦਾ ਕਿਸੇ ਹੋਰ ਸੂਬੇ ਨਾਲ ਕੋਈ ਮੁਕਾਬਲਾ ਨਹੀਂ ਹੈ ਸਗੋਂ ਉਨ੍ਹਾਂ ਨੂੰ ਉਦਯੋਗਿਕ ਤਰੱਕੀ ਵਿੱਚ ਚੀਨ ਨੂੰ ਪਛਾੜਨ ਦੇ ਯਤਨ ਕਰਨੇ ਚਾਹੀਦੇ ਹਨ। ਦਿੱਲੀ ਦੇ ਮੁੱਖ ਮੰਤਰੀ ਨੇ ਸਨਅਤੀ ਵਿਕਾਸ ਨੂੰ ਹੁਲਾਰਾ ਦੇਣ ਲਈ ਖੇਤਰ ਅਧਾਰਤ ਟਾਸਕ ਫੋਰਸ ਦਾ ਗਠਨ ਕਰਨ ਦੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਉਦਯੋਗ ਦੇ ਨੁਮਾਇੰਦਿਆਂ ਤੋਂ ਇਲਾਵਾ ਇਸ ਟਾਸਕ ਫੋਰਸ ਵਿੱਚ ਸੂਬਾ ਸਰਕਾਰ ਦੇ ਅਧਿਕਾਰੀ ਵੀ ਸ਼ਾਮਲ ਹੋਣੇ ਚਾਹੀਦੇ ਹਨ ਤਾਂ ਜੋ ਇਨ੍ਹਾਂ ਖੇਤਰਾਂ ਦੀ ਤਰੱਕੀ ਲਈ ਢੁਕਵੀਂ ਯੋਜਨਾਬੰਦੀ ਤੇ ਰਣਨੀਤੀ ਉਲੀਕੀ ਜਾ ਸਕੇ।
ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬੇ ਵਿੱਚ ਉਹ ਕਾਰੋਬਾਰੀਆਂ ਨਾਲ ਜੁੜੀਆਂ 57 ਹੋਰ ਸੁਵਿਧਾਵਾਂ ਜਲਦੀ ਸ਼ੁਰੂ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬੀ ਮਿਹਨਤਕਸ਼ ਹਨ, ਇਸ ਕਰ ਕੇ ਹੁਣ ਵਿਦੇਸ਼ੀ ਕੰਪਨੀਆਂ ਪੰਜਾਬ ਆ ਰਹੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਜਰਮਨੀ ਦੀਆਂ ਕਈ ਵਿਦੇਸ਼ੀ ਕੰਪਨੀਆਂ ਪੰਜਾਬ ਵਿੱਚ ਆਪਣੀਆਂ ਇਕਾਈਆਂ ਲਗਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਅਜਿਹੀ ਨੀਤੀ ਤਿਆਰ ਕੀਤੀ ਹੈ, ਜਿਸ ਨਾਲ ਕਿਸੇ ਵੀ ਸਨਅਤਕਾਰਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪੇਸ਼ ਨਹੀਂ ਆਵੇਗੀ। ਜੇਕਰ ਕਿਸੇ ਨੂੰ ਕੋਈ ਪ੍ਰੇਸ਼ਾਨੀ ਹੋਵੇਗੀ ਤਾਂ ਉਸ ਦਾ ਸੁਝਾਅ ਲੈ ਕੇ ਉਸ ਨੂੰ ਦੁਰਸਤ ਕੀਤਾ ਜਾਏਗਾ। ਆਉਣ ਵਾਲੇ ਦੋ ਤੋਂ ਤਿੰਨ ਸਾਲਾਂ ਵਿੱਚ ਪੰਜਾਬ ਦੇ ਸਾਰੇ ਹੀ ਫੋਕਲ ਪੁਆਇੰਟਾਂ ਦੀਆਂ ਸੜਕਾਂ ਸ਼ਾਨਦਾਰ ਬਣਾ ਦਿੱਤੀਆਂ ਜਾਣਗੀਆਂ ਤਾਂ ਜੋ 15 ਸਾਲ ਮੁਰੰਮਤ ਦੀ ਲੋੜ ਹੀ ਨਾ ਪਵੇ।
‘ਸਰਕਾਰ-ਸਨਅਤਕਾਰ ਮਿਲਣੀ’ ਵਿੱਚ ਹਿੱਸਾ ਲੈਂਦਿਆਂ ਓਸਵਾਲ ਗਰੁੱਪ ਦੇ ਮਾਲਕ ਕਮਲ ਓਸਵਾਲ ਨੇ ਕਿਹਾ ਕਿ ਪੰਜਾਬ ਵਿੱਚ ਫੈਸਲੇ ਲੈਣ ਵਾਲੀ ਅਜਿਹੀ ਸਰਕਾਰ ਹੈ ਜਿਸ ਨੇ ਉਦਯੋਗ ਦੀਆਂ ਸ਼ਿਕਾਇਤਾਂ ਨੂੰ ਕਾਫ਼ੀ ਤੇਜ਼ੀ ਨਾਲ ਹੱਲ ਕੀਤਾ ਹੈ। ਭਗਵੰਤ ਮਾਨ ਸਰਕਾਰ ਪੰਜਾਬ ਵਿੱਚ ਉਦਯੋਗ ਪੱਖੀ ਮਾਹੌਲ ਸਿਰਜ ਕੇ ਕ੍ਰਾਂਤੀਕਾਰੀ ਕਦਮ ਉਠਾ ਰਹੀ ਹੈ, ਜਿਸ ਦੇ ਨਤੀਜੇ ਜਲਦੀ ਹੀ ਜ਼ਮੀਨੀ ਪੱਧਰ ’ਤੇ ਵੀ ਨਜ਼ਰ ਆਉਣਗੇ। ਵਰਧਮਾਨ ਗਰੁੱਪ ਦੇ ਸਚਿਤ ਜੈਨ ਨੇ ਪੰਜਾਬ ਸਰਕਾਰ ਵੱਲੋਂ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਲਏ ਗਏ ਫੈਸਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਸਰਕਾਰ ਨੂੰ ਫੋਕਲ ਪੁਆਇੰਟਾਂ ਵਿੱਚ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੀ ਅਪੀਲ ਕੀਤੀ।
ਹੀਰੋ ਗਰੁੱਪ ਦੇ ਆਦਿੱਤਿਆ ਮੁੰਜਾਲ ਨੇ ਕਿਹਾ ਕਿ ਅਜਿਹੇ ਨਿਵੇਕਲੇ ਕਦਮਾਂ ਨਾਲ ਆਮ ਲੋਕਾਂ ਦੇ ਨਾਲ-ਨਾਲ ਸੂਬੇ ਦੇ ਸਨਅਤਕਾਰਾਂ ਦਾ ਵੀ ਸਰਕਾਰ ’ਚ ਭਰੋਸਾ ਵਧ ਰਿਹਾ ਹੈ। ਗੰਗਾ ਐਕਰੋਵੂਲਜ਼ ਲਿਮਿਟਡ ਦੇ ਮਾਲਕ ਅਮਿਤ ਥਾਪਰ ਨੇ ‘ਇਨਵੈਸਟ ਪੰਜਾਬ’ ਪੋਰਟਲ ਰਾਹੀਂ ਸੂਬੇ ਵਿੱਚ ਉਦਯੋਗਾਂ ਦੇ ਵਿਕਾਸ ਨੂੰ ਹੋਰ ਹੁਲਾਰਾ ਦੇਣ ਵਾਸਤੇ ਪੰਜਾਬ ਸਰਕਾਰ ਵੱਲੋਂ ਉਠਾਏ ਗਏ ਕਦਮਾਂ ਦੀ ਸ਼ਲਾਘਾ ਕੀਤੀ।