ਮੁਕੇਰੀਆਂ, 3 ਜੁਲਾਈ
ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਮੁਕੇਰੀਆਂ ਹਲਕੇ ਦੇ ਪਿੰਡ ਧਾਮੀਆਂ ਤੇ ਕੁੱਲੀਆਂ ਲੁਬਾਣਾ ਨੇੜੇ ਚੱਲਦੇ ਕਰੱਸ਼ਰਾਂ ਵਲੋਂ ਕੀਤੀ ਗਈ 100 ਫੁੱਟ ਤੋਂ ਵੱਧ ਦੀ ਪੁਟਾਈ ਵਾਲੇ ਖੇਤਰ ਦਾ ਦੌਰਾ ਕੀਤਾ ਅਤੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ। ਉਨ੍ਹਾਂ ਦੀ ਆਮਦ ਦਾ ਪਤਾ ਲੱਗਦਿਆਂ ਹੀ ਦਿਨ ਰਾਤ ਚੱਲਣ ਵਾਲੇ ਕਰੱਸ਼ਰ ਬੰਦ ਹੋ ਗਏ ਤੇ ਰੇਤਾ ਬੱਜਰੀ ਲੈਣ ਆਈਆਂ ਗੱਡੀਆਂ ਗਾਇਬ ਹੋ ਗਈਆਂ। ਇਸ ਮੌਕੇ ਉਨ੍ਹਾਂ ਮੁੱਖ ਮੰਤਰੀ ਅਤੇ ਹਲਕਾ ਵਿਧਾਇਕਾ ਦੇ ਗੈਰ ਕਾਨੂੰਨੀ ਮਾਈਨਿੰਗ ਦੇ ਧੰਦੇ ਵਿੱਚ ਸ਼ਾਮਲ ਹੋਣ ਦੇ ਦੋਸ਼ ਲਗਾਉਂਦਿਆਂ ਸਰਕਾਰ ਤੇ ਮਾਈਨਿੰਗ ਵਿਭਾਗ ਦੇ ਸਕੱਤਰ ਨੂੰ ਚੇਤਾਵਨੀ ਦਿੱਤੀ ਕਿ ਉਸ ਹੁਣ ਦੂਜਾ ਪਰਚਾ ਵੀ ਕਰ ਲੈਣ। ਉਹ ਜਲਦ ਹੀ ਸੂਬੇ ਅੰਦਰ ਵਿਧਾਇਕਾਂ ਤੇ ਅਫਸਰਸ਼ਾਹੀ ਦੀ ਮਿਲੀਭੁਗਤ ਨਾਲ ਚੱਲ ਰਹੇ ਇਸ ਗੋਰਖ ਧੰਦੇ ਨੂੰ ਬੇਨਕਾਬ ਕਰਨਗੇ। ਸਰਕਾਰ ਉਨ੍ਹਾਂ ਨੂੰ ਦੱਸੇ ਕਿ 10 ਫੁੱਟ ਤੋਂ ਵੱਧ ਪੁਟਾਈ ਦੀ ਇਜਾਜ਼ਤ ਨਾ ਹੋਣ ਦੇ ਬਾਵਜੂਦ 200 ਫੁੱਟ ਤੱਕ ਪੁਟਾਈ ਕਿਵੇਂ ਹੋ ਰਹੀ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਰੇਤਾ ਬੱਜਰੀ ਲੈਣ ਆਈਆਂ ਗੱਡੀਆਂ ਤੋਂ 16000 ਪ੍ਰਤੀ ਗੱਡੀ ਦੇ ਹਿਸਾਬ ਨਾਲ ਗੁੰਡਾ ਟੈਕਸ ਵਸੂਲਿਆ ਜਾ ਰਿਹਾ ਹੈ। ਇਸ ਉਪਰੰਤ ਉਹ ਤਲਵਾੜਾ ਖੇਤਰ ਦੇ ਬਿਆਸ ਦਰਿਆ ਨੇੜੇ ਚੱਲਦੇ ਕਰੱਸ਼ਰਾਂ ਵੱਲ ਰਵਾਨਾ ਹੋ ਗਏ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਸਰਬਜੋਤ ਸਾਬੀ ਵੀ ਉਨ੍ਹਾਂ ਦੇ ਨਾਲ ਸਨ।