ਮਾਨਸਾ, 8 ਦਸੰਬਰ

ਪੰਜਾਬ ਸਰਕਾਰ ਤੋਂ ਆਪਣੀਆਂ ਮੰਗਾਂ ਮਨਾਉਣ ਲਈ  ਪੀਆਰਟੀਸੀ ਤੇ ਪਨਬੱਸ ਠੇਕਾ  ਕਰਮਚਾਰੀਆਂ ਨੇ ਅੱਜ ਲਗਾਤਾਰ ਦੂਜੇ ਦਿਨ ਵੀ ਰਾਜ ਭਰ ਵਿੱਚ ਬੱਸਾਂ ਬੰਦ ਰੱਖੀਆਂ। ਪੀਆਰਟੀਸੀ ਦੇ ਪਟਿਆਲਾ, ਬੁਢਲਾਡਾ, ਬਰਨਾਲਾ, ਬਠਿੰਡਾ ਅਤੇ ਸੰਗਰੂਰ ਸਣੇ ਸਾਰੇ ਡਿਪੂਆਂ ਬਾਹਰ ਅੱਜ ਮੁੜ ਪੰਜਾਬ ਸਰਕਾਰ ਖ਼ਿਲਾਫ਼ ਧਰਨਾ ਲਾਕੇ ਨਾਅਰੇਬਾਜ਼ੀ ਕੀਤੀ ਗਈ। ਯੂਨੀਅਨ ਦੇ ਆਗੂ ਗਰਪ੍ਰੀਤ ਸਿੰਘ ਝੁਨੀਰ ਨੇ ਦੱਸਿਆ ਕਿ ਮੰਗਾਂ ਮੰਨਣ ਤੱਕ ਧਰਨਾ ਜਾਰੀ ਰੱਖਿਆ ਜਾਵੇਗਾ। ਉਧਰ ਲਗਾਤਾਰ ਦੂਜੇ ਦਿਨ ਇਸ ਹੜਤਾਲ ਦੇ ਜਾਰੀ ਰਹਿਣ ਨਾਲ ਲੋਕਾਂ ਨੂੰ ਸਫਰ ਕਰਨ ਲਈ ਵੱਡੀ ਤਕਲੀਫ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਔਰਤਾਂ ਨੂੰ ਸਰਕਾਰੀ ਬੱਸਾਂ ਵਿਚ ਮੁਫਤ ਸਫ਼ਰ ਦੇ ਲਾਭ ਦਾ ਇਸ ਹੜਤਾਲ ਨੇ ਜਨਾਜ਼ਾ ਕੱਢ ਧਰਿਆ ਹੈ। ਦੂਜੇ ਪਾਸੇ ਪੀਆਰਟੀਸੀ ਅਤੇ ਰੋਡਵੇਜ਼ ਦੇ ਪੱਕੇ ਮੁਲਾਜ਼ਮਾਂ ਵਲੋਂ ਅੱਜ ਵੀ ਕਲ ਵਾਂਗ ਕੁਝ ਰੂਟਾਂ ਉਪਰ ਬੱਸ ਸੇਵਾ ਨੂੰ ਜਾਰੀ ਰੱਖਿਆ ਗਿਆ ਹੈ।